ਜਾਨਸਨ ਨੇ ਤਾਲਾਬੰਦੀ ਦੌਰਾਨ ਪਾਰਟੀ ''ਚ ਸ਼ਾਮਲ ਹੋਣ ਲਈ ਮੰਗੀ ਮੁੁਆਫ਼ੀ
Wednesday, Jan 12, 2022 - 06:52 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 2020 ਵਿਚ ਦੇਸ਼ ਵਿਚ ਲਾਗੂ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 2020 ਵਿੱਚ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੁਆਫ਼ੀ ਮੰਗੀ ਹੈ। ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੁਝ ਚੀਜ਼ਾਂ ਨੂੰ ‘ਸਹੀ ਨਹੀਂ ਲਿਆ ਗਿਆ’ ਸੀ। ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦੀ ਡਾਊਨਿੰਗ ਸਟ੍ਰੀਟ ਰਿਹਾਇਸ਼ ਦੇ ਬਗੀਚੇ ਵਿੱਚ ਪਾਰਟੀ ਕਰਕੇ ਜਾਨਸਨ ਅਤੇ ਉਸ ਦੇ ਸਟਾਫ਼ ਵੱਲੋਂ ਮਹਾਮਾਰੀ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦਾਅਵਿਆਂ ਨੂੰ ਲੈ ਕੇ ਪੀ.ਐੱਮ. ਬੋਰਿਸ ਜਨਤਾ ਅਤੇ ਸਿਆਸਤਦਾਨਾਂ ਦੇ ਗੁੱਸੇ ਦਾ ਸਾਹਮਣਾ ਕਰ ਰਿਹਾ ਹੈ।
ਜਾਨਸਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਮੰਨਿਆ ਕਿ ਉਹ ਮਈ 2020 ਵਿੱਚ ਗਾਰਡਨ ਪਾਰਟੀ ਵਿੱਚ ਸੀ। ਹਾਲਾਂਕਿ, ਜਾਨਸਨ ਨੇ ਕਿਹਾ ਕਿ ਉਹ ਇਸ ਨੂੰ ਕੰਮ ਨਾਲ ਸਬੰਧਤ ਆਯੋਜਨ ਸਮਝਦਾ ਹੈ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ 'ਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਇਹ ਅਗਾਂਹਵਧੂ ਸੋਚ ਨਹੀਂ ਸੀ, ਮੈਨੂੰ ਪਾਰਟੀ ਵਿਚ ਸਾਰਿਆਂ ਨੂੰ ਵਾਪਸ ਭੇਜਣਾ ਚਾਹੀਦਾ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਅੱਜ ਹਾਊਸ ਆਫ ਕਾਮਨਜ਼ ਵਿਚ ਹਫਤਾਵਾਰੀ ਸਵਾਲ-ਜਵਾਬ ਸੈਸ਼ਨ ਦੌਰਾਨ ਜਾਨਸਨ ਦੀ ਇਹ ਪਹਿਲੀ ਜਨਤਕ ਹਾਜ਼ਰੀ ਸੀ। ਰਿਪੋਰਟਾਂ ਮੁਤਾਬਕ ਜਾਨਸਨ ਨੇ ਆਪਣੀ ਪਤਨੀ ਕੈਰੀ ਦੇ ਨਾਲ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਕੋਵਿਡ -19 ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕੀਤੀ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਆਸਟ੍ਰੇਲੀਆ 'ਚ 15 ਮਹੀਨਿਆਂ ਬਾਅਦ ਲਾਗ ਨਾਲ ਸਭ ਤੋਂ ਵੱਧ ਮੌਤਾਂ
ਪਤਾ ਲੱਗਾ ਹੈ ਕਿ ਪਾਰਟੀ ਲਈ 100 ਦੇ ਕਰੀਬ ਲੋਕਾਂ ਨੂੰ ਈਮੇਲ ਰਾਹੀਂ ਸੱਦਾ ਪੱਤਰ ਭੇਜੇ ਗਏ ਹਨ। ਇਹ ਮੇਲ ਕਥਿਤ ਤੌਰ 'ਤੇ ਜਾਨਸਨ ਦੇ ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਦੀ ਤਰਫੋਂ ਕਈ ਲੋਕਾਂ ਨੂੰ ਭੇਜਿਆ ਗਿਆ ਸੀ। ਹਾਲਾਂਕਿ, ਉਸ ਸਮੇਂ ਦੇਸ਼ ਵਿੱਚ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ, ਲੋਕਾਂ ਲਈ ਸਿਰਫ ਆਪਣੇ ਘਰਾਂ ਵਿੱਚ ਆਯੋਜਨ ਕਰਨ ਜਾਂ ਕਿਸੇ ਹੋਰ ਘਰ ਦੇ ਵਿਅਕਤੀ ਨੂੰ ਮਿਲਣ ਦਾ ਨਿਯਮ ਸੀ। ਜਿਸ ਦਿਨ ਪਾਰਟੀ ਹੋਈ ਸੀ, 10 ਡਾਊਨਿੰਗ ਸਟ੍ਰੀਟ 'ਤੇ ਕੋਰੋਨਾ ਵਾਇਰਸ ਬ੍ਰੀਫਿੰਗ ਦੌਰਾਨ, ਯੂਕੇ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਜਨਤਕ ਸਥਾਨ 'ਤੇ ਕਿਸੇ ਨੂੰ ਮਿਲ ਸਕਦੇ ਹੋ, ਬਸ਼ਰਤੇ ਤੁਹਾਡੇ ਵਿਚਕਾਰ ਦੋ ਮੀਟਰ ਦੀ ਦੂਰੀ ਹੋਵੇ। ਇਸ ਮਾਮਲੇ ਨੂੰ 'ਪਾਰਟੀਗੇਟ' ਕਿਹਾ ਜਾ ਰਿਹਾ ਹੈ ਅਤੇ ਇਹ ਜਾਨਸਨ ਦੇ ਕਰੀਬ ਢਾਈ ਸਾਲਾਂ ਦੇ ਸੱਤਾ 'ਚ ਸਭ ਤੋਂ ਵੱਡੇ ਸੰਕਟ ਵਜੋਂ ਉਭਰਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਲਤੂ ਕੁੱਤੇ ਨੇ ਮਾਸੂਮ 'ਤੇ 23 ਵਾਰ ਹਮਲਾ ਕਰ ਲਈ ਜਾਨ