ਦੁਬਈ ਵੀ ਕਰਦਾ ਹੈ ਗੁਰਦਾਸਪੁਰੀਏ 'ਜੋਗਿੰਦਰ ਸਲਾਰੀਆ' 'ਤੇ ਮਾਣ, ਦਿੱਤਾ ਗੋਲਡਨ ਵੀਜ਼ਾ
Tuesday, Sep 28, 2021 - 09:37 AM (IST)
ਦੁਬਈ (ਰਮਨ ਸੋਢੀ) : ਪੰਜਾਬੀ ਜਿੱਥੇ ਵੀ ਗਏ, ਇਨ੍ਹਾਂ ਨੇ ਆਪਣੀ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ। ਇਸੇ ਤਰ੍ਹਾਂ ਦੇ ਇੱਕ ਸ਼ਖਸ ਹਨ, ਜੋਗਿੰਦਰ ਸਿੰਘ ਸਲਾਰੀਆ, ਜੋ ਮੂਲ ਰੂਪ ‘ਚ ਗੁਰਦਾਸਪੁਰ ਦੇ ਹਨ ਪਰ ਅੱਜ-ਕਲ੍ਹ ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਹਨ। ਉਨ੍ਹਾਂ ਦੇ ਚੰਗੇ ਕੰਮਾ ਸਦਕਾ ਅਰਬੀ ਮੁਲਕ ਦਾ ਸ਼ਹਿਰ ਦੁਬਈ ਵੀ ਸਲਾਰੀਆ ‘ਤੇ ਫ਼ਖ਼ਰ ਮਹਿਸੂਸ ਕਰਦਾ ਹੈ। ਸਲਾਰੀਆਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਕਰਕੇ ਦੁਬਈ ਨੇ ਉਨ੍ਹਾਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਦਿੱਤਾ ਹੈ। ਇਹ ਵਿਸ਼ੇਸ਼ ਸਨਮਾਨ ਸਮੁੱਚੇ ਭਾਰਤੀਆਂ ਲਈ ਵੱਡੀ ਗੱਲ ਹੈ। ਖ਼ਾਸ ਕਰਕੇ ਪੰਜਾਬੀਆਂ ਲਈ, ਕਿਉਂਕਿ ਜੋਗਿੰਦਰ ਸਲਾਰੀਆ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਖਿਆਲਾ ਦੇ ਰਹਿਣ ਵਾਲੇ ਹਨ। ਭਾਰਤ ਤੋਂ ਇਹ ਪਹਿਲਾ ਸ਼ਖਸ ਹੈ, ਜਿਹੜਾ ਇੰਟਰਨੈਸ਼ਨਲ ਹਿਊਮਨਟੇਰੀਅਨ ਸਿਟੀ ਦੁਬਈ ਦਾ ਮੈਂਬਰ ਹੈ। ਸਲਾਰੀਆ ਆਪਣੀ ਧੀ ਪਹਿਲ ਦੇ ਨਾਮ ‘ਤੇ ਪਹਿਲ ਚੈਰੀਟੇਬਲ ਟਰੱਸਟ (PCT) ਨਾਮ ਦੀ ਸੰਸਥਾ ਚਲਾ ਰਹੇ ਹਨ।
ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੀ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ ਵੱਡਾ ਫ਼ੈਸਲਾ
ਦੁਬਈ ਪੁਲਸ ਨਾਲ ਰਲ ਕੇ ਉਹ ਅਨੇਕਾਂ ਸਮਾਜ ਸੇਵਾ ਦੇ ਕੰਮ ਕਰ ਚੁੱਕੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਜੋਗਿੰਦਰ ਸਲਾਰੀਆ ਅਨੇਕਾਂ ਲੋਕਾਂ ਦੇ ਸਹਾਰਾ ਬਣੇ। ਉਹ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ ਤੇ ਪਰਿਵਾਰ ਨਾਲ ਜ਼ਿੰਦਗੀ ਬਸਰ ਕਰ ਰਹੇ ਹਨ।ਜੋਗਿੰਦਰ ਸਿੰਘ ਸਲਾਰੀਆ ਦੇ ਇੱਕ ਬੇਟਾ ਤੇ ਇੱਕ ਬੇਟੀ ਹੈ। ਜਿਵੇਂ ਕਿ ਤੁਹਾਨੂੰ ਦੱਸਿਆ ਹੈ ਕਿ ਬੇਟੀ ਪਹਿਲ ਦੇ ਨਾਮ 'ਤੇ ਹੀ ਇਨ੍ਹਾਂ ਨੇ ਆਪਣਾ ਟਰੱਸਟ ਸ਼ੁਰੂ ਕੀਤਾ ਹੋਇਆ ਹੈ, ਜੋ ਅੱਜ ਸਭ ਲੋੜਵੰਦਾਂ ਲਈ ਆਸ ਬਣਿਆ ਹੈ। ਸਾਲ 2019 ‘ਚ ਸਲਾਰੀਆ ਨੇ ਰਮਜ਼ਾਨ ਦੇ ਮਹੀਨੇ ਮਾਨਵਤਾ ਦਾ ਸੁਨੇਹਾ ਦਿੰਦਿਆਂ ਵੱਡੀ ਇਫਤਾਰ ਕਰਵਾਈ ਗਈ ਸੀ, ਜਿਸਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਦਾ ਖ਼ਿਤਾਬ ਵੀ ਹਾਸਲ ਹੈ। ਜੋਗਿੰਦਰ ਸਿੰਘ ਸਲਾਰੀਆ ਦੇ ਗੋਲਡਨ ਵੀਜ਼ਾ ਤੱਕ ਦੇ ਸਫ਼ਰ ਦੀ ਗੱਲ ਕਰੀਏ ਤਾਂ ਇਹ ਇੰਨਾ ਸੁਖਾਵਾਂ ਵੀ ਨਹੀਂ ਸੀ। ਸਾਲ 1993 'ਚ ਸਲਾਰੀਆ ਇੱਕ ਹਜ਼ਾਰ ਰੁਪਏ ਲੈ ਕੇ ਦੁਬਈ ਆਏ ਸਨ, ਇੱਥੇ ਵੱਡੇ-ਵੱਡੇ ਸ਼ੇਖ, ਵੱਡੇ ਵਪਾਰੀ ਸਲਾਰੀਆ ਲਈ ਵੱਡੇ ਚੈਂਲੇਜ ਸਨ ਪਰ ਅਣਥੱਕ ਮਿਹਨਤ ਅਤੇ ਕੰਮ ਪ੍ਰਤੀ ਲਗਨ ਦੀ ਬਦੌਲਤ ਵਿਦੇਸ਼ਾਂ 'ਚ ਝੰਡੇ ਗੱਡਣ ਵਾਲਾ ਇਹ ਪੰਜਾਬੀ ਅੱਜ ਪੂਰੀ ਦੁਨੀਆ 'ਚ ਛਾਇਆ ਹੋਇਆ ਹੈ।
ਇਹ ਵੀ ਪੜ੍ਹੋ : 'ਬੰਦ' ਦੌਰਾਨ ਇਸ DSP ਨੇ ਕੀਤਾ ਕੁੱਝ ਅਜਿਹਾ ਕਿ ਪੂਰੇ ਇਲਾਕੇ 'ਚ ਹੋ ਰਹੀ ਵਾਹ-ਵਾਹ (ਤਸਵੀਰਾਂ)
ਸਲਾਰੀਆ ਨੂੰ 1998 ‘ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮਾ ਸਦਕਾ ਅਮੈਰਿਕਨ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਦਿ ਲਾਂਗੈਸਟ ਲਾਈਨ ਆਫ ਹੰਗਰ ਰਿਲੀਫ ਪੈਕੇਜ ਤਹਿਤ ਗਿੰਨੀਜ਼ ਬੁੱਕ ਆਫ਼ ਰਿਕਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਜੋਗਿੰਦਰ ਸਿੰਘ ਸਲਾਰੀਆ ਕਾਰੋਬਾਰ ਦੇ ਨਾਲ-ਨਾਲ ਸਮਾਜ ਸੇਵਾ ਵੱਲ ਵੀ ਆਪਣੇ ਕਦਮ ਵਧਾਉਂਦੇ ਗਏ। ਸਾਲ 2012 ਨੂੰ ਨਵੀਂ ਦਿੱਲੀ ਵਿਖੇ ਪਹਿਲ ਚੈਰੀਟੇਬਲ ਦਾ ਪਹਿਲਾ ਦਫ਼ਤਰ ਬਣਾਇਆ। ਇਸ ਤੋਂ ਬਾਅਦ 2018 'ਚ ਦੁਬਈ ਵਿੱਚ ਵੀ ਦਫ਼ਤਰ ਖੋਲ੍ਹਿਆ। ਲੋਕਾਂ ਦੀਆਂ ਆਸਾਂ ਇਸ ਚੈਰੀਟੇਬਲ ਨਾਲ ਜੁੜਦੀਆਂ ਗਈਆਂ ਤੇ ਇਹ ਕਾਫ਼ਲਾ ਵੀ ਵੱਧਦਾ ਗਿਆ, ਜੋ ਅੱਜ ਵੀ ਵੱਧ ਰਿਹਾ।
ਇਹ ਵੀ ਪੜ੍ਹੋ : ਚੰਨੀ ਵਜ਼ਾਰਤ ਦੇ ਨਵੇਂ ਮੰਤਰੀਆਂ ਨੂੰ ਪੰਜਾਬ ਸਿਵਲ ਸਕੱਤਰੇਤ 'ਚ ਕਮਰੇ ਅਲਾਟ
ਜਾਤ-ਪਾਤ ਦੇ ਬੰਧਨਾ ਤੋਂ ਮੁਕਤ ਹੋ ਕੇ ਮਨੁੱਖਤਾ ਦੀ ਸੇਵਾ ਕਰਨਾ ਸਲਾਰੀਆ ਦਾ ਮੁੱਖ ਮੰਤਵ ਹੈ। ਉਨ੍ਹਾਂ ਦੀ ਇੱਛਾ ਹੈ ਕਿ ਹੁਣ ਉਹ ਚਕਾਚੌਂਧ ਦੀ ਦੁਨੀਆਂ ਤੋਂ ਮੁਕਤ ਹੋ ਕੇ ਪੰਜਾਬ ਵੱਸ ਜਾਣ ਅਤੇ ਰਹਿੰਦੀ ਜ਼ਿੰਦਗੀ ਲੋਕਾਂ ਦੀ ਸੇਵਾ ‘ਚ ਬਤੀਤ ਕਰਨ। ਉਹ ਪੰਜਾਬ ‘ਚ ਗੁਰਦਾਸਪੁਰ ਦੇ ਲੋਕਾਂ ਲਈ ਸਿਹਤ ਤੇ ਸਿੱਖਿਆ ਵਾਸਤੇ ਜਿੱਥੇ ਕਈ ਚੰਗੇ ਕੰਮ ਕਰ ਰਹੇ ਹਨ, ਉੱਥੇ ਉਨ੍ਹਾਂ ਨੇ ਪਾਕਿਸਤਾਨ ਵਿੱਚ ਵੀ ਲੋੜਵੰਦ ਲੋਕਾਂ ਦੀ ਵੀ ਮਦਦ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ