ਜੋਅ ਬਾਈਡੇਨ ਨੂੰ ਸੌਂਪੇ ਜਾਣਗੇ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਖ਼ਾਤੇ
Saturday, Jan 16, 2021 - 09:09 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ 'ਤੇ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਉਨ੍ਹਾਂ ਨੂੰ ਇਸ ਅਹੁਦੇ ਨਾਲ ਸੰਬੰਧਤ ਟਵਿੱਟਰ ਦੇ ਅਧਿਕਾਰਤ ਖਾਤੇ ਸੌਂਪੇਗੀ। ਇਸ ਸੰਬੰਧੀ ਕੰਪਨੀ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਟਵਿੱਟਰ ਰਾਸ਼ਟਰਪਤੀ ਅਹੁਦੇ ਨਾਲ ਸੰਬੰਧਤ ਖ਼ਾਤੇ ਨੂੰ ਤਬਦੀਲ ਕਰਨ 'ਤੇ ਕੰਮ ਕਰੇਗੀ।
ਇਸ ਦੇ ਇਲਾਵਾ ਟਵਿੱਟਰ ਦੇ ਹੋਰ ਰਾਸ਼ਟਰਪਤੀ ਪ੍ਰਸ਼ਾਸਨ ਨਾਲ ਸੰਬੰਧਤ ਖ਼ਾਤੇ ਜਿਵੇਂ ਕਿ @ਵ੍ਹਾਈਟ ਹਾਊਸ, @ਵੀ ਪੀ, @ਫਲੋਟਸ, ਅਤੇ @ਪ੍ਰੈੱਸ ਸੇਕ ਨੂੰ ਵੀ ਬਾਈਡੇਨ ਪ੍ਰਸ਼ਾਸਨ ਵਿਚ ਤਬਦੀਲ ਕੀਤਾ ਜਾਵੇਗਾ। ਇਸ ਦੌਰਾਨ ਕੰਪਨੀ ਨੇ ਇਕ ਨਵਾਂ ਖਾਤਾ @ਸੈਕੰਡ ਜੈਂਟਲਮੈਨ ਵੀ ਬਣਾਇਆ ਹੈ ਜੋ ਕਿ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਦੇ ਪਤੀ ਡਗਲਸ ਐਮਹੋਫ ਲਈ ਹੈ।
ਬਾਈਡੇਨ ਨੇ ਵੀਰਵਾਰ ਰਾਤ ਨੂੰ ਇਨ੍ਹਾਂ ਖਾਤਿਆਂ ਸੰਬੰਧੀ ਕਿਹਾ ਕਿ ਇਹ ਮੇਰੇ ਰਾਸ਼ਟਰਪਤੀ ਵਜੋਂ ਅਧਿਕਾਰਤ ਫਰਜ਼ਾਂ ਦਾ ਖ਼ਾਤਾ ਹੋਵੇਗਾ। ਫਿਲਹਾਲ ਉਸ ਸਮੇਂ ਤੱਕ ਉਹ @ਜੋਅ ਬਾਈਡੇਨ ਖ਼ਾਤੇ ਦੀ ਵਰਤੋਂ ਕਰਨਗੇ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਮੌਜੂਦਾ @ਪ੍ਰੈਜੀ ਇਲੈਕਟ ਬਾਈਡੇਨ ਖ਼ਾਤੇ ਤੋਂ ਟਵੀਟ ਕਰਕੇ ਜਾਣਕਾਰੀ ਦਿੱਤੀ। ਹਾਲਾਂਕਿ ਬਾਈਡੇਨ ਪ੍ਰਸ਼ਾਸਨ ਵਲੋਂ ਨਵੇਂ ਖ਼ਾਤਿਆਂ 'ਤੇ ਨਿਯੰਤਰਣ ਕਰਨ ਤੋਂ ਪਹਿਲਾਂ ਟਵਿੱਟਰ ਅਨੁਸਾਰ ਕੰਪਨੀ ਨੂੰ ਪਹਿਲਾਂ ਵ੍ਹਾਈਟ ਹਾਊਸ ਦੇ ਖ਼ਾਤਿਆਂ ਨੂੰ ਰਾਸ਼ਟਰੀ ਆਰਚੀਵ ਅਤੇ ਰਿਕਾਰਡ ਪ੍ਰਸ਼ਾਸਨ ਨੂੰ ਤਬਦੀਲ ਕਰਨ ਦੀ ਜ਼ਰੂਰਤ ਹੈ।
ਟਵਿੱਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਵ੍ਹਾਈਟ ਹਾਊਸ ਖਾਤਿਆਂ ਦੇ ਫਾਲੋਅਰਜ਼ ਆਪਣੇ-ਆਪ ਹੀ ਨਵੇਂ ਤਬਦੀਲ ਕੀਤੇ ਖਾਤਿਆਂ ਤੱਕ ਪਹੁੰਚ ਨਹੀਂ ਕਰ ਸਕਣਗੇ ਜਦਕਿ ਇਸ ਸੰਬੰਧੀ ਉਨ੍ਹਾਂ ਨੂੰ ਨਵੇਂ ਖਾਤਿਆਂ ਨੂੰ ਫਾਲੋ ਕਰਨ ਲਈ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ।