ਰੂਸ-ਚੀਨ ਨੂੰ ਬਾਈਡੇਨ ਦਾ ਸਖ਼ਤ ਸੰਦੇਸ਼, ਕਿਹਾ-''ਅਮਰੀਕਾ ਇਜ਼ ਬੈਕ''

Friday, Feb 05, 2021 - 06:11 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਆਪਣਾ ਪਹਿਲਾ ਡਿਪਲੋਮੈਟਿਕ ਸੰਬੋਧਨ ਕੀਤਾ। ਇਸ ਵਿਚ ਬਾਈਡੇਨ ਨੇ ਗਲੋਬਲ ਮੰਚ 'ਤੇ ਰਾਸ਼ਟਰਪਤੀ ਦੇ ਤੌਰ 'ਤੇ 'ਅਮਰੀਕਾ ਇਜ਼ ਬੈਕ' ਦਾ ਐਲਾਨ ਕੀਤਾ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਤਰਤੀਬ ਵਿਦੇਸ਼ ਨੀਤੀ ਦੇ ਬਾਅਦ ਇਕ ਨਵੇਂ ਯੁੱਗ ਦਾ ਵਾਅਦਾ ਕੀਤਾ।

ਬਾਈਡੇਨ ਦਾ ਪਹਿਲਾ ਡਿਪਲੋਮੈਟਿਕ ਸੰਬੋਧਨ
ਅਸਲ ਵਿਚ ਬਾਈਡੇਨ ਨੇ ਵਾਸ਼ਿੰਗਟਨ ਵਿਚ 4 ਫਰਵਰੀ ਨੂੰ ਵਿਦੇਸ਼ ਵਿਭਾਗ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨਾਲ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਮੌਜੂਦ ਰਹੀ। ਇਸੇ ਦੌਰਾਨ ਬਾਈਡੇਨ ਨੇ ਆਪਣਾ ਡਿਪਲੋਮੈਟਿਕ ਸੰਬੋਧਨ ਦਿੱਤਾ। ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ, ਬਾਈਡੇਨ ਨੇ ਆਪਣੇ ਭਾਸ਼ਣ ਵਿਚ ਚੀਨ ਅਤੇ ਰੂਸ ਲਈ ਹਮਲਾਵਰ ਰਵੱਈਆ ਅਪਨਾਏ ਜਾਣ ਦਾ ਸੰਕੇਤ ਦਿੱਤਾ। ਨਾਲ ਹੀ ਮਿਆਂਮਾਰ ਦੇ ਮਿਲਟਰੀ ਨੇਤਾਵਾਂ ਨੂੰ ਤਖਤਾਪਲਟ ਨੂੰ ਖਤਮ ਕਰਨ ਦੀ ਅਪੀਲ ਕੀਤੀ ਅਤੇ ਯਮਨ ਵਿਚ ਸਾਊਦੀ ਅਰਬ ਦੀ ਅਗਵਾਈ ਵਾਲੇ ਮਿਲਟਰੀ ਮੁਹਿੰਮ ਲਈ ਅਮਰੀਕੀ ਸਮਰਥਨ ਨੂੰ ਖਤਮ ਕਰਨ ਦਾ ਐਲਾਨ ਕੀਤਾ। 

ਬਾਈਡੇਨ ਨੇ ਕਿਹਾ,''ਅਮਰੀਕੀ ਅਗਵਾਈ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ, ਜਿਸ ਵਿਚ ਚੀਨ ਦੀ ਵੱਧਦੀ ਅਭਿਲਾਸ਼ਾ ਅਤੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਅਤੇ ਰੁਕਾਵਟ ਪਾਉਣ ਦਾ ਰੂਸ ਦਾ ਦ੍ਰਿੜ੍ਹ ਸੰਕਲਪ ਸ਼ਾਮਲ ਹੈ। ਸਾਨੂੰ ਆਪਣੇ ਉਦੇਸ਼ ਨੂੰ ਹਾਸਲ ਕਰਨਾ ਚਾਹੀਦਾ ਹੈ। ਸਾਨੂੰ ਮਹਾਮਾਰੀ ਤੋਂ ਲੈ ਕੇ ਜਲਵਾਯੂ ਸੰਕਟ ਅਤੇ ਪਰਮਾਣੂ ਪ੍ਰਸਾਰ ਤੱਕ ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ।'' ਅਸਲ ਵਿਚ ਟਰੰਪ ਦੀ ਟੈਰਿਫ ਵਧਾਉਣ ਦੀ ਨੀਤੀ ਕਾਰਨ ਅਮਰੀਕਾ ਨੂੰ ਯੂਰਪੀ ਅਤੇ ਏਸ਼ੀਆਈ ਨੇਤਾਵਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ। ਇੱਥੋਂ ਤੱਕ ਕਿ ਟਰੰਪ ਨੇ ਗਲੋਬਲ ਗਠਜੋੜ ਦੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਅਮਰੀਕੀ ਸੈਨਿਕਾਂ ਨੂੰ ਵਾਪਸ ਲੈਣ ਦੀ ਧਮਕੀ ਦਿੱਤੀ।  

ਪੜ੍ਹੋ ਇਹ ਅਹਿਮ ਖਬਰ-  ਦਿੱਲੀ ਪੁਲਸ ਦਾ ਖੁਲਾਸਾ, ਖ਼ਾਲਿਸਤਾਨੀ ਸਮਰਥਕ ਸੰਗਠਨ ਨੇ ਰਚੀ ਸੀ ਲਾਲ ਕਿਲ੍ਹੇ ਦੀ ਘਟਨਾ ਦੀ ਸਾਜ਼ਿਸ਼ 

6 ਜਨਵਰੀ ਨੂੰ ਟਰੰਪ ਸਮਰਥਕਾਂ ਨੇ ਬਾਈਡੇਨ ਦੀ ਜਿੱਤ ਨੂੰ ਅਸਵੀਕਾਰ ਕਰਦਿਆਂ ਅਮਰੀਕੀ ਸੰਸਦ ਭਵਨ ਕੈਪੀਟਲ ਬਿਲਡਿੰਗ 'ਤੇ ਹਮਲਾ ਕੀਤਾ ਅਤੇ ਇਸ ਨਾਲ ਵਿਦੇਸ਼ੀ ਸਹਿਯੋਗੀਆਂ ਅਤੇ ਵਿਰੋਧੀਆਂ ਨੇ ਅਮਰੀਕਾ ਵਿਚ ਲੋਕਤੰਤਰ ਦੇ ਹਾਲਾਤ ਸਬੰਧੀ ਖਦਸ਼ਾ ਜ਼ਾਹਰ ਕੀਤਾ ਸੀ। ਲਿਹਾਜਾ ਵੀਰਵਾਰ ਨੂੰ ਬਾਈਡੇਨ ਦਾ ਭਾਸ਼ਣ ਉਹਨਾਂ ਖਦਸ਼ਿਆਂ ਨੂੰ ਦੂਰ ਕਰਨ ਅਤੇ ਇਕ ਸ਼ਕਤੀਸ਼ਾਲੀ ਅੰਤਰਰਾਸ਼ਟਰੀ ਰਵੱਈਆ ਅਪਨਾਏ ਜਾਣ ਨੂੰ ਲੈਕੇ ਅਮਰੀਕੀਆਂ ਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਸੀ। ਬਾਈਡੇਨ ਨੇ ਕਿਹਾ ਕਿ ਅਸੀਂ ਆਪਣੀ ਕੂਟਨੀਤੀ ਜ਼ਰੀਏ ਇੰਨੀ ਜੱਦੋਜਹਿਦ ਇਸ ਲਈ ਨਹੀਂ ਕਰਦੇ ਕਿਉਂਕਿ ਇਹ ਦੁਨੀਆ ਲਈ ਸਹੀ ਗੱਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਇਹ ਸਭ ਕਰਦੇ ਹਾਂ ਕਿਉਂਕਿ ਇਹ ਸਾਡੇ ਆਪਣੇ ਹਿੱਤ ਵਿਚ ਹੈ। ਬਾਈਡੇਨ ਦਾ ਆਪਣੇ ਪਹਿਲੇ ਡਿਪਲੋਮੈਟਿਕ ਸੰਬੋਧਨ ਲਈ ਵਿਦੇਸ਼ ਵਿਭਾਗ ਨੂੰ ਚੁਣਨਾ ਉਹਨਾਂ ਦੇ ਡਿਪਲੋਮੈਟਿਕ ਸੰਬੰਧਾਂ ਨੂੰ ਤਰਜੀਹ ਦੇਣਾ ਦਰਸਾਉਂਦਾ ਹੈ, ਜਿੱਥੇ ਟਰੰਪ ਨੇ ਆਪਣੇ ਜ਼ਿਆਦਾਤਰ ਵਿਦੇਸ਼ੀ ਸਹਿਯੋਗੀਆਂ ਨੂੰ ਨਾਰਾਜ਼ ਕੀਤਾ।

ਬਾਈਡੇਨ ਨੇ ਸਾਫ ਕਿਹਾ ਹੈ ਕਿ ਅਮਰੀਕੀ ਗਠਜੋੜ ਉਹਨਾਂ ਦੀ ਸਭ ਤੋਂ ਵੱਡੀ ਜਾਇਦਾਦ ਹੈ ਅਤੇ ਕੂਟਨੀਤੀ ਨਾਲ ਅੱਗੇ ਵਧਣ ਦਾ ਮਤਲਬ ਆਪਣੇ ਪ੍ਰਮੁੱਖ ਸਹਿਯੋਗੀਆਂ ਨਾਲ ਇਕ ਵਾਰ ਫਿਰ ਮੋਢੇ ਨਾਲ ਮੋਢਾ ਮਿਲਾ ਕੇ ਤੁਰਨਾ ਹੈ। ਇਸ ਭਾਸ਼ਣ ਜ਼ਰੀਏ ਬਾਈਡੇਨ ਨੇ ਦੁਨੀਆ ਦੇ ਦੇਸ਼ਾਂ ਨਾਲ ਅਮਰੀਕਾ ਦੇ ਵਿਗੜੇ ਰਿਸ਼ਤਿਆਂ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਇਕ ਤਰ੍ਹਾਂ ਨਾਲ ਟਰੰਪ ਦੀਆਂ ਨੀਤੀਆਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਉਹਨਾਂ ਨੇ ਸਾਫ ਕਿਹਾ ਕਿ ਉਹ ਈਰਾਨ ਸਮਝੌਤੇ ਨੂੰ ਮੁੜ ਸੁਰਜੀਤ ਕਰਨ, ਪੈਰਿਸ ਸਮਝੌਤੇ ਅਤੇ ਵਿਸ਼ਵ ਸਿਹਤ ਸੰਗਠਨ ਵਿਚ ਅਮਰੀਕੀ ਮੈਂਬਰਸ਼ਿਪ ਨੂੰ ਨਵੇਂ ਸਿਰੇ ਤੋਂ ਬਹਾਲ ਕਰਨ ਲਈ ਕੰਮ ਕਰਨਗੇ।

ਰੂਸ ਅਤੇ ਚੀਨ ਨੂੰ ਸਖ਼ਤ ਸੰਦੇਸ਼
ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੁਣੌਤੀ ਦਿੱਤੀ। ਉਹਨਾਂ ਨੇ ਕਿਹ ਕਿ ਮੈਂ ਟਰੰਪ ਦੇ ਉਲਟ ਰਾਸ਼ਟਰਪਤੀ ਪੁਤਿਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਰੂਸ ਦੇ ਹਮਲਾਵਰਤਾ ਦੇ ਦਿਨ ਖਤਮ ਹੋ ਗਏ ਜਿੱਥੇ ਉਹ ਚੋਣਾਂ ਵਿਚ ਦਖਲ ਅੰਦਾਜ਼ੀ ਕਰਦਾ ਹੈ, ਸਾਈਬਰ ਹਮਲਿਆਂ ਨੂੰ ਅੰਜਾਮ  ਦਿੰਦਾ ਹੈ। ਬਾਈਡੇਨ ਨੇ ਚੀਨ ਨੂੰ ਚੁਣੌਤੀ ਦੇ ਤੌਰ 'ਤੇ ਰੇਖਾਂਕਿਤ ਕੀਤਾ। ਚੀਨ ਜਿਹੜਾ ਆਪਣੀ ਸੈਨਾ ਦਾ ਵਿਸਥਾਰ ਕਰ ਰਿਹਾ ਹੈ ਅਤੇ ਦੁਨੀਆ ਵਿਚ ਆਪਣੇ ਪ੍ਰਭਾਵ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ ਸ਼ਾਇਦ ਉਹ ਬਾਈਡੇਨ ਦੀ ਸਭ ਤੋਂ ਵੱਡੀ ਅੰਤਰਰਾਸ਼ਟਰੀ ਚੁਣੌਤੀ ਹੈ। ਬਾਈਡੇਨ ਨੇ ਬੀਜਿੰਗ ਨੂੰ ਆਪਣਾ ਵੱਡਾ ਮੁਕਾਬਲੇਬਾਜ਼ ਕਰਾਰ ਦਿੱਤਾ ਹੈ। ਇਸ ਕ੍ਰਮ ਵਿਚ ਉਹਨਾਂ ਨੇ ਚੀਨ ਨਾਲ ਆਰਥਿਕ ਟਕਰਾਅ, ਮਨੁੱਖੀ ਅਧਿਕਾਰਾਂ ਖ਼ਿਲਾਫ਼ ਚੀਨੀ ਕਾਰਵਾਈ ਵਿਰੁੱਧ ਕਦਮ ਚੁੱਕਣ ਦੀ ਗੱਲ ਕਹੀ। 

ਨੋਟ- ਬਾਈਡੇਨ ਦੇ ਪਹਿਲੇ ਡਿਪਲੋਮੈਟਿਸ ਸੰਬੋਧਨ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਏ।


Vandana

Content Editor

Related News