ਜਿਨਪਿੰਗ ਦਾ ਵਧਿਆ ਦਬਦਬਾ, ਰਿਕਾਰਡ 'ਤੀਜੀ' ਵਾਰ ਬਣਿਆ ਪਾਰਟੀ ਦਾ ਜਨਰਲ ਸਕੱਤਰ
Sunday, Oct 23, 2022 - 11:10 AM (IST)
ਬੀਜਿੰਗ (ਭਾਸ਼ਾ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਐਤਵਾਰ ਨੂੰ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਰਿਕਾਰਡ ਤੀਜੀ ਵਾਰ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਜਨਰਲ ਸਕੱਤਰ ਚੁਣੇ ਗਏ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਇਤਿਹਾਸ ਰਚ ਦਿੱਤਾ। ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਸਾਰੀ ਉਮਰ ਚੀਨ ਦੀ ਸੱਤਾ 'ਤੇ ਕਾਬਜ਼ ਰਹੇਗਾ। ਪਾਰਟੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਉਹ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਪਹਿਲੇ ਨੇਤਾ ਹਨ ਜੋ ਬੇਮਿਸਾਲ ਤੀਜੇ ਕਾਰਜਕਾਲ ਲਈ ਸੱਤਾ ਵਿੱਚ ਆਏ ਹਨ। ਇੱਕ ਅਧਿਕਾਰਤ ਰੀਲੀਜ਼ ਦੇ ਅਨੁਸਾਰ ਜਿਨਪਿੰਗ ਨੂੰ ਐਤਵਾਰ ਨੂੰ ਆਯੋਜਿਤ ਕਮੇਟੀ ਦੇ ਪਹਿਲੇ ਸੰਪੂਰਨ ਸੈਸ਼ਨ ਵਿੱਚ ਸੀਪੀਸੀ ਦੀ 20ਵੀਂ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਗਿਆ।
ਜਿਨਪਿੰਗ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਸ਼ਨ ਵਿੱਚ ਸੀਪੀਸੀ ਕੇਂਦਰੀ ਕਮੇਟੀ ਦੇ 203 ਮੈਂਬਰ ਅਤੇ 168 ਬਦਲਵੇਂ ਮੈਂਬਰ ਸ਼ਾਮਲ ਹੋਏ। ਸੈਸ਼ਨ ਵਿੱਚ ਜਿਨਪਿੰਗ ਨੂੰ ਸੀਪੀਸੀ ਕੇਂਦਰੀ ਮਿਲਟਰੀ ਕਮਿਸ਼ਨ (ਸੀਐਮਸੀ) ਦਾ ਚੇਅਰਮੈਨ ਵੀ ਨਾਮਜ਼ਦ ਕੀਤਾ ਗਿਆ ਸੀ। ਜਿਨਪਿੰਗ ਇੱਥੇ 'ਸ਼ੀ ਯੁੱਗ' ਵਜੋਂ ਜਾਣੇ ਜਾਂਦੇ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਣ ਲਈ ਸਥਾਨਕ ਅਤੇ ਵਿਦੇਸ਼ੀ ਮੀਡੀਆ ਦੇ ਸਾਹਮਣੇ ਪੇਸ਼ ਹੋਏ। ਜਿਨਪਿੰਗ ਤੋਂ ਪਹਿਲਾਂ ਮਾਓ ਨੂੰ ਛੱਡ ਕੇ ਦੇਸ਼ ਦੇ ਸਾਰੇ ਰਾਸ਼ਟਰਪਤੀ ਲਗਭਗ ਤਿੰਨ ਦਹਾਕਿਆਂ ਤੱਕ 10 ਸਾਲਾਂ ਦੇ ਕਾਰਜਕਾਲ ਤੋਂ ਬਾਅਦ ਸੇਵਾਮੁਕਤ ਹੋਣ ਦੇ ਨਿਯਮ ਦੀ ਪਾਲਣਾ ਕਰਦੇ ਸਨ। ਜਿਨਪਿੰਗ ਦੇ ਤੀਜੀ ਵਾਰ ਸੱਤਾ ਵਿੱਚ ਵਾਪਸੀ ਨਾਲ ਇਸ ਨਿਯਮ ਨੂੰ ਰਸਮੀ ਤੌਰ 'ਤੇ ਖ਼ਤਮ ਕਰ ਦਿੱਤਾ ਗਿਆ। ਜਿਨਪਿੰਗ ਪਹਿਲੀ ਵਾਰ 2012 ਵਿੱਚ ਚੁਣੇ ਗਏ ਸਨ ਅਤੇ ਉਨ੍ਹਾਂ ਦਾ 10 ਸਾਲ ਦਾ ਕਾਰਜਕਾਲ ਇਸ ਸਾਲ ਖ਼ਤਮ ਹੋਵੇਗਾ।
ਪਾਰਟੀ ਵਿੱਚ ਨੰਬਰ ਦੋ ਮੰਨੇ ਜਾਂਦੇ ਪ੍ਰਧਾਨ ਮੰਤਰੀ ਲੀ ਕਿੰਗ ਸਮੇਤ ਕਈ ਉਦਾਰਵਾਦੀ ਨੇਤਾ ਸ਼ਨੀਵਾਰ ਨੂੰ 300 ਮੈਂਬਰੀ ਕੇਂਦਰੀ ਕਮੇਟੀ ਵਿੱਚ ਸ਼ਾਮਲ ਹੋਣ ਵਿੱਚ ਅਸਫਲ ਰਹੇ। ਉਹ ਸੀਪੀਸੀ ਦੇ ਪੰਜ ਸਾਲਾਂ ਵਿੱਚ ਇੱਕ ਵਾਰ ਹੋਈ ਜਨਰਲ ਕਾਨਫਰੰਸ (ਕਾਂਗਰਸ) ਵਿੱਚ ਕਮੇਟੀ ਲਈ ਨਹੀਂ ਚੁਣੇ ਗਏ ਸਨ। ਕਮੇਟੀ ਦੀ ਐਤਵਾਰ ਨੂੰ ਹੋਈ ਮੀਟਿੰਗ ਵਿੱਚ 25 ਮੈਂਬਰੀ ਸਿਆਸੀ ਬਿਊਰੋ ਦੀ ਚੋਣ ਕੀਤੀ ਗਈ। ਸਿਆਸੀ ਬਿਊਰੋ ਨੇ ਸੱਤ ਮੈਂਬਰੀ ਸਥਾਈ ਕਮੇਟੀ ਦੀ ਚੋਣ ਕੀਤੀ, ਜਿਸ ਨੇ ਸ਼ੀ ਜਿਨਪਿੰਗ ਨੂੰ ਤੀਜੀ ਵਾਰ ਜਨਰਲ ਸਕੱਤਰ ਚੁਣਿਆ। ਜਿਨਪਿੰਗ ਨੂੰ ਉਮੀਦ ਮੁਤਾਬਕ ਸ਼ਨੀਵਾਰ ਨੂੰ ਕੇਂਦਰੀ ਕਮੇਟੀ ਲਈ ਚੁਣਿਆ ਗਿਆ। ਫਿਰ ਉਹ ਪੋਲੀਟੀਕਲ ਬਿਊਰੋ ਅਤੇ ਫਿਰ ਸਥਾਈ ਕਮੇਟੀ ਲਈ ਚੁਣੇ ਗਏ ਅਤੇ ਆਸਾਨੀ ਨਾਲ ਜਨਰਲ ਸਕੱਤਰ ਚੁਣੇ ਗਏ। ਜਨਰਲ ਕਾਨਫਰੰਸ ਨੇ ਪਾਰਟੀ ਦੇ ਸੰਵਿਧਾਨ ਵਿੱਚ ਮਹੱਤਵਪੂਰਨ ਸੋਧਾਂ ਪਾਸ ਕੀਤੀਆਂ ਅਤੇ ਆਪਣੀ "ਮੂਲ" ਸਥਿਤੀ ਨੂੰ ਮੁੜ ਲਾਗੂ ਕੀਤਾ ਅਤੇਇਹ ਨਿਰਦੇਸ਼ ਦਿੱਤਾ ਕਿ ਇਹ ਸਾਰੇ ਪਾਰਟੀ ਮੈਂਬਰਾਂ ਦੀ "ਫ਼ਰਜ਼" ਹੈ ਕਿ ਉਹ ਉਸਦੇ (ਜ਼ਿਨਪਿੰਗ) ਦੇ ਨਿਰਦੇਸ਼ਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਨ।
ਪੜ੍ਹੋ ਇਹ ਅਹਿਮ ਖ਼ਬਰ-ਟੋਰਾਂਟੋ ਆਈਲੈਂਡ ਏਅਰਪੋਰਟ ਨੂੰ ਬੰਬ ਦੀ ਧਮਕੀ ਮਗਰੋਂ ਕਰਾਇਆ ਗਿਆ ਖਾਲੀ, ਦੋ ਲੋਕ ਹਿਰਾਸਤ 'ਚ
ਆਬਜ਼ਰਵਰਾਂ ਨੇ ਕਿਹਾ ਕਿ ਜਿਨਪਿੰਗ ਦੇ ਰਾਸ਼ਟਰਪਤੀ, ਪਾਰਟੀ ਨੇਤਾ ਅਤੇ ਫੌਜੀ ਮੁਖੀ ਦੇ ਤੌਰ 'ਤੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਦੇ ਰੂਪ 'ਚ ਉਭਰਨ ਅਤੇ ਮਾਓ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹੋਏ ਇਸ ਅਹੁਦੇ 'ਤੇ ਬਣੇ ਰਹਿਣ ਦੀ ਸੰਭਾਵਨਾ ਨੂੰ ਚਿੰਤਾ ਅਤੇ ਘਬਰਾਹਟ ਨਾਲ ਦੇਖਿਆ ਜਾ ਰਿਹਾ ਹੈ, ਕਿਉਂਕਿ ਹੁਣ ਇਕ ਪਾਰਟੀ ਵਾਲਾ ਦੇਸ਼ ਇੱਕ ਨੇਤਾ ਵਾਲਾ ਦੇਸ਼ ਬਣ ਗਿਆ ਹੈ। ਸੀਪੀਸੀ ਦੀ ਹਫ਼ਤਾ ਭਰ ਚੱਲੀ 20ਵੀਂ ਜਨਰਲ ਕਾਨਫਰੰਸ ਸ਼ਨੀਵਾਰ ਨੂੰ ਨਾਟਕੀ ਢੰਗ ਨਾਲ ਸਮਾਪਤ ਹੋਈ ਅਤੇ ਸਾਬਕਾ ਰਾਸ਼ਟਰਪਤੀ ਹੂ ਜਿਨਤਾਓ ਨੂੰ ਮੀਡੀਆ ਦੇ ਸਾਹਮਣੇ ਗ੍ਰੇਟ ਹਾਲ ਆਫ਼ ਦਾ ਪੀਪਲ (ਸੰਸਦ ਭਵਨ) ਤੋਂ ਬਾਹਰ ਲਿਜਾਇਆ ਗਿਆ। ਇਸ ਘਟਨਾ ਨੂੰ ਵਿਡੰਬਨਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਕਿਉਂਕਿ 79 ਸਾਲਾ ਹੂ ਨੇ 10 ਸਾਲ ਪਹਿਲਾਂ 2012 'ਚ ਸ਼ਾਂਤੀਪੂਰਵਕ ਜਿਨਪਿੰਗ ਨੂੰ ਸੱਤਾ ਸੌਂਪੀ ਸੀ।
ਹਾਲਾਂਕਿ ਸਰਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਸਿਹਤ ਖਰਾਬ ਹੈ। ਇਸ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਅਗਵਾਈ ਵਾਲਾ ਇੱਕ ਵੱਖਰਾ ਕੇਂਦਰੀ ਪ੍ਰਸ਼ਾਸਨ ਮਾਰਚ ਵਿੱਚ ਰਸਮੀ ਤੌਰ 'ਤੇ ਅਹੁਦਾ ਸੰਭਾਲੇਗਾ। ਸ਼ਨੀਵਾਰ ਨੂੰ ਪਾਰਟੀ ਦੇ ਜਨਰਲ ਸੰਮੇਲਨ 'ਚ ਇਸ ਦੇ ਸੰਵਿਧਾਨ 'ਚ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਗਈ, ਜਿਸ ਨਾਲ ਚੀਨ ਦੇ ਨੇਤਾ ਦੇ ਰੂਪ 'ਚ ਜਿਨਪਿੰਗ ਦਾ ਕੱਦ ਹੋਰ ਵਧ ਸਕਦਾ ਹੈ। ਜਿਨਪਿੰਗ ਨੇ ਸ਼ਨੀਵਾਰ ਨੂੰ ਕਿਹਾ ਕਿ ਸੰਵਿਧਾਨ 'ਚ ਸੋਧ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਬਣਾਈ ਰੱਖਣ ਅਤੇ ਮਜ਼ਬੂਤਕਰਨ ਲਈ ਸਪੱਸ਼ਟ ਲੋੜਾਂ ਤੈਅ ਕਰਦੀ ਹੈ। ਉਨ੍ਹਾਂ ਜਨਰਲ ਕਾਨਫਰੰਸ ਦੇ ਸਮਾਪਤੀ ਸੈਸ਼ਨ ਵਿੱਚ ਕਿਹਾ ਕਿ ਲੜਨ, ਜਿੱਤਣ ਅਤੇ ਸਖ਼ਤ ਮਿਹਨਤ ਕਰਨ ਦੀ ਹਿੰਮਤ ਕਰੋ। ਅੱਗੇ ਵਧਦੇ ਰਹਿਣ ਲਈ ਦ੍ਰਿੜ੍ਹ ਰਹੋ। ਅੰਤਰਰਾਸ਼ਟਰੀ ਦ੍ਰਿਸ਼ ਵਿੱਚ ਇੱਕ ਨਾਟਕੀ ਤਬਦੀਲੀ ਦੇ ਵਿਚਕਾਰ ਖਾਸ ਤੌਰ 'ਤੇ ਚੀਨ ਨੂੰ ਬਲੈਕਮੇਲ ਕਰਨ, ਰੋਕਣ ਦੇ ਬਾਹਰੀ ਯਤਨਾਂ ਦੇ ਵਿਚਕਾਰ, ਅਸੀਂ ਆਪਣੇ ਰਾਸ਼ਟਰੀ ਹਿੱਤਾਂ ਨੂੰ ਪਹਿਲ ਦਿੱਤੀ ਹੈ। ਕਮਿਸ਼ਨ (ਸੀ.ਸੀ.ਡੀ.ਆਈ.) ਦੀ ਇੱਕ ਨਵੀਂ ਟੀਮ ਵੀ ਨਿਯੁਕਤ ਕੀਤੀ ਗਈ ਸੀ, ਜੋ ਸਿੱਧੇ ਤੌਰ 'ਤੇ ਜਿਨਪਿੰਗ ਦੇ ਅਧੀਨ ਕੰਮ ਕਰਦਾ ਹੈ। ਸੋਧ ਪ੍ਰਸਤਾਵ ਵਿੱਚ ਕਿਹਾ ਗਿਆ ਕਿ ਇੱਕ ਨਵੇਂ ਯੁੱਗ ਲਈ ਚੀਨੀ ਵਿਸ਼ੇਸ਼ਤਾਵਾਂ ਵਾਲੇ ਸਮਾਜਵਾਦ ਬਾਰੇ ਚਿਨਫਿੰਗ ਦਾ ਦ੍ਰਿਸ਼ਟੀਕੋਣ ਸਮਕਾਲੀ ਚੀਨ ਅਤੇ 21ਵੀਂ ਸਦੀ ਦਾ ਮਾਰਕਸਵਾਦ ਹੈ ਅਤੇ ਇਸ ਯੁੱਗ ਦੇ ਸਭ ਤੋਂ ਵਧੀਆ ਚੀਨੀ ਸੰਸਕ੍ਰਿਤੀ ਅਤੇ ਲੋਕਾਚਾਰ ਨੂੰ ਦਰਸਾਉਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।