ਕੈਨੇਡਾ ''ਚ ਭਾਰਤੀ ਗਹਿਣਿਆਂ ਦੀ ਦੁਕਾਨ ''ਤੇ ਲੁੱਟ, ਹੋਇਆ ਵੱਡਾ ਨੁਕਸਾਨ (ਵੀਡੀਓ)

Wednesday, Aug 01, 2018 - 03:17 PM (IST)

ਮਿਸੀਸਾਗਾ,(ਏਜੰਸੀ)— ਕੈਨੇਡਾ ਦੇ ਸ਼ਹਿਰ ਮਾਲਟਨ ਵਿਖੇ 3 ਹਥਿਆਰਬੰਦ ਨਕਾਬਪੋਸ਼ਾਂ ਨੇ ਇਕ ਭਾਰਤੀ ਵਿਅਕਤੀ ਦੀ ਗਹਿਣਿਆਂ ਦੀ ਦੁਕਾਨ 'ਤੇ ਧਾਵਾ ਬੋਲ ਦਿੱਤਾ। ਇਹ ਸਾਰੀ ਵਾਰਦਾਤ ਦੁਕਾਨ ਦੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। ਇਨ੍ਹਾਂ 3 ਲੁਟੇਰਿਆਂ ਨੇ ਦੁਕਾਨ 'ਤੇ ਆ ਕੇ ਬੰਦੂਕਾਂ ਅਤੇ ਹਥੌੜੇ ਨਾਲ ਗਹਿਣਿਆਂ ਦੇ ਸ਼ੀਸ਼ੇ ਵਾਲੇ ਕਾਊਂਟਰ ਤੋੜੇ ਅਤੇ ਗਹਿਣੇ ਲੁੱਟ ਲਏ। ਦੁਕਾਨ ਮਾਲਕ ਬਲਦੇਵ ਮਨਜਾਨੀਆ ਨਕਾਬਪੋਸ਼ਾਂ ਪਿੱਛੇ ਆਪਣੀ ਤਲਵਾਰ ਲੈ ਕੇ ਦੌੜਿਆ। ਉਸ ਨੂੰ ਲੱਗਾ ਕਿ ਹਥਿਆਰਬੰਦ ਲੁਟੇਰੇ ਉਸ ਦੀ ਪਤਨੀ ਨੂੰ ਨੁਕਸਾਨ ਪਹੁੰਚਾਉਣ ਜਾ ਰਹੇ ਹਨ ਅਤੇ ਉਸ ਦੀ ਸੁਰੱਖਿਆ ਲਈ ਭਾਰਤੀ ਵਿਅਕਤੀ ਨੇ ਆਪਣੀ ਤਲਵਾਰ ਕੱਢੀ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਲੁਟੇਰੇ ਉਸ ਦੇ 100,000 ਡਾਲਰ ਦੇ ਗਹਿਣੇ ਲੈ ਕੇ ਭੱਜ ਗਏ।
ਇਹ ਸਾਰੀ ਘਟਨਾ ਸ਼ਨੀਵਾਰ ਸ਼ਾਮ ਨੂੰ ਏਅਰ ਰੋਡ ਅਤੇ ਡੈਰੀ ਰੋਡ ਈਸਟ 'ਤੇ ਸਥਿਤ ਨਿਊ ਰਾਨਾ ਜਿਊਲਰੀ ਦੁਕਾਨ 'ਚ ਵਾਪਰੀ। ਦੁਕਾਨ ਦੇ ਐਂਟਰੀ ਗੇਟ 'ਤੇ ਵੀ ਇਨ੍ਹਾਂ ਲੁਟੇਰਿਆਂ ਨੇ ਆਪਣੀ ਮਿੰਨੀਵੈਨ ਨਾਲ ਵਾਰ-ਵਾਰ ਟੱਕਰਾਂ ਮਾਰੀਆਂ, ਉਸ ਸਮੇਂ ਦੁਕਾਨ 'ਚ ਗਾਹਕ ਗਹਿਣੇ ਖਰੀਦ ਰਹੇ ਸਨ। ਇੱਥੇ ਖੜ੍ਹਾ ਹਰ ਵਿਅਕਤੀ ਘਬਰਾ ਗਿਆ ਪਰ ਦੁਕਾਨ ਮਾਲਕ ਨੇ ਤਲਵਾਰ ਕੱਢ ਕੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਲੁਟੇਰਿਆਂ ਦੀ ਮਿੰਨੀਵੈਨ ਦੇ ਸ਼ੀਸ਼ੇ 'ਤੇ ਤਲਵਾਰਾਂ ਮਾਰੀਆਂ। ਇਹ ਲੁਟੇਰੇ ਮਿੰਨੀਵੈਨ ਉੱਥੇ ਛੱਡ ਕੇ ਹੀ ਭੱਜ ਗਏ, ਜਿਸ ਨੂੰ ਬਾਅਦ 'ਚ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਉਹ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕਰ ਰਹੇ ਹਨ।


Related News