CPU ''ਤੇ ਖਾਣਾ ਬਣਾਉਣ ਵਾਲਾ ਜਾਪਾਨੀ Youtuber
Sunday, Mar 08, 2020 - 03:36 AM (IST)
ਟੋਕੀਓ - ਜਾਪਾਨ ਤੋਂ ਹਮੇਸ਼ਾ ਹੀ ਅਨੋਖੀਆਂ ਅਤੇ ਅਜੀਬੋ-ਗਰੀਬ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਵੇਲੇ ਵਿਚ ਤਾਜ਼ਾ ਆਈਡੀਆ ਹੈ ਇਕ YouTube ਚੈਨਲ ਦਾ, ਜੋ ਮੁਖ ਰੂਪ ਤੋਂ ਕੰਪਿਊਟਰ ਦੇ ਗਰਮ ਸੀ. ਪੀ. ਯੂ. 'ਤੇ ਵੱਖ-ਵੱਖ ਖਾਣ ਵਾਲੇ ਪਕਵਾਨਾਂ ਨੂੰ ਬਣਾਉਣ ਨਾਲ ਸਬੰਧਿਤ ਹੈ। ਤੁਸੀਂ ਸ਼ਾਇਦ ਪਹਿਲਾਂ ਤੋਂ ਹੀ ਜਾਣਦੇ ਹੋ ਕਿ ਕੰਪਿਊਟਰ 'ਤੇ ਕੰਮ ਕਰਨ ਦੌਰਾਨ ਸੀ. ਪੀ. ਯੂ. ਬਹੁਤ ਗਰਮ ਹੋ ਜਾਂਦੇ ਹਨ, ਵਿਸ਼ੇਸ਼ ਰੂਪ ਉਦੋਂ ਜਦ ਉਨ੍ਹਾਂ 'ਤੇ ਜ਼ਿਆਦਾ ਲੋਡ ਪੈ ਰਿਹਾ ਹੋਵੇ। ਪਰ ਉਦੋਂ ਵੀ ਸ਼ਾਇਦ ਤੁਸੀਂ ਸੀ. ਪੀ. ਯੂ. ਨੂੰ ਹਾਟ ਪਲੇਟ ਦੇ ਰੂਪ ਵਿਚ ਵੱਖ-ਵੱਖ ਖਾਣ ਵਾਲੇ ਪਕਵਾਨਾਂ ਲਈ ਇਸਤੇਮਾਲ ਕਰਨ ਦੇ ਬਾਰੇ ਨਹੀਂ ਸੁਣਿਆ ਹੋਵੇਗਾ।
ਹਾਲ ਹੀ ਵਿਚ ਇਕ ਜਾਪਾਨੀ Youtuber ਦੀ ਵੀਡੀਓ ਕਾਫੀ ਲੋਕਾਂ ਦੀ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਹਾਲਾਂਕਿ ਉਹ ਬੀਤੇ 6 ਸਾਲ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਰਿਹਾ ਹੈ ਪਰ ਉਸ ਦੀਆਂ ਵੀਡੀਓ ਹੁਣ ਲੋਕਾਂ ਵਿਚਾਲੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਦਰਅਸਲ, ਉਸ ਦੀ ਵੀਡੀਓ ਦੀ ਗੁਣਵੱਤਾ ਵਿਚ ਸਮੇਂ ਦੇ ਨਾਲ ਕਾਫੀ ਸੁਧਾਰ ਹੋਇਆ ਹੈ। ਲਿਹਾਜ਼ਾ, ਲੋਕ ਸੋਸ਼ਲ ਮੀਡੀਆ 'ਤੇ ਕੀਤੇ ਗਏ ਉਸ ਦੇ ਕਾਰਜਾਂ ਨੂੰ ਦੇਖ ਰਹੇ ਹਨ ਅਤੇ ਉਸ ਦੀ ਤਰੀਫ ਕਰ ਰਹੇ ਹਨ।
ਓਬਲੇ ਹੋਏ ਅਤੇ ਤਲੇ ਹੋਏ ਅੰਡਿਆਂ ਤੋਂ ਲੈ ਕੇ, ਛੋਟੇ-ਛੋਟੇ ਵੈਗਿਊ ਸਟੇਕ ਅਤੇ ਇਥੋਂ ਤੱਕ ਕਿ ਛੋਟੇ ਡੋਨੱਟਸ ਤੱਕ, ਇਸ ਆਦਮੀ ਨੇ ਗਰਮ ਕੰਪਿਊਟਰ ਪ੍ਰੋਸੈਸਰ 'ਤੇ ਪਕਾਏ ਹਨ। ਇਸ ਚੈਨਲ ਦਾ ਜਾਪਾਨੀ ਨਾਂ ਦਾ ਇੰਗਲਿਸ਼ ਵਿਚ ਅਨੁਵਾਦ ਹੈ - ਸਮੁਰਾਈ ਚੈਨਲ (Samurai Channel), ਜੋ ਬਹੁਤ ਸਾਰੇ ਬਾਈਕ ਚਲਾਉਣ ਵਾਲੇ ਅਤੇ ਕੈਂਪਾਂ ਸਬੰਧੀ ਵੀਡੀਓ ਵੀ ਪੋਸਟ ਕਰਦਾ ਹੈ। ਪਰ ਨਿਸ਼ਚਤ ਰੂਪ ਤੋਂ ਸੀ. ਪੀ. ਓ. 'ਤੇ ਖਾਣਾ ਪਕਾਉਣ ਵਾਲੀਆਂ ਉਸ ਦੀਆਂ ਵੀਡੀਓਜ਼ ਨੂੰ ਕਾਫੀ ਲੋਕ ਦੇਖ ਰਹੇ ਹਨ ਅਤੇ ਪਸੰਦ ਕਰ ਰਹੇ ਹਨ। ਉਸ ਦੀਆਂ ਕੁਝ ਵੀਡੀਓਜ਼ ਨੂੰ ਇਕ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ, ਜਦਕਿ ਉਸ ਦੇ ਸਬਸਕ੍ਰਾਇਬਰਸ ਦੀ ਗਿਣਤੀ ਸਿਰਫ 8,000 ਹੀ ਹੈ। ਇਨ੍ਹਾਂ ਵੀਡੀਓਜ਼ 'ਤੇ ਉਸ ਨੂੰ ਕਾਫੀ ਕੁਮੈਂਟਸ ਮਿਲ ਰਹੇ ਹਨ। ਇਕ ਯੂਜ਼ਰ ਨੇ ਕੁਮੈਂਟ ਕੀਤਾ - ਜਦ ਤੁਸੀਂ ਇਕ ਪੀਸੀ (ਕੰਪਿਊਟਰ) ਖਰੀਦੋ, ਤਾਂ ਸਟੋਵ ਖਰੀਦਣ ਦੀ ਜ਼ਰੂਰਤ ਨਹੀਂ ਹੈ।