16 ਤੋਂ ਹੇਠਾਂ ਵਾਲਿਆਂ ਦੀ ਅਕਾਊਂਟ ਹੋਣਗੇ ਬਲਾਕ! ਆਸਟ੍ਰੇਲੀਆ ਮਗਰੋਂ ਹੁਣ ਇਸ ਦੇਸ਼ ਨੇ ਖਿੱਚੀ ਤਿਆਰੀ
Friday, Dec 12, 2025 - 03:53 PM (IST)
ਮੈਡ੍ਰਿਡ (ਵਾਰਤਾ): ਸਪੇਨ ਦੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਘੱਟੋ-ਘੱਟ ਕਾਨੂੰਨੀ ਉਮਰ 16 ਸਾਲ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਕਾਨੂੰਨ ਤਹਿਤ, 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਦੀ ਸਹਿਮਤੀ ਤੋਂ ਬਿਨਾਂ ਸੋਸ਼ਲ ਮੀਡੀਆ ਅਕਾਉਂਟ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।
ਸਪੇਨ ਦੇ ਡਿਜੀਟਲ ਟ੍ਰਾਂਸਫਾਰਮੇਸ਼ਨ ਤੇ ਸਿਵਲ ਸਰਵਿਸ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਕਦਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਨਲਾਈਨ ਸੁਰੱਖਿਆ ਪ੍ਰਦਾਨ ਕਰਨਾ ਹੈ। ਸਰਕਾਰ ਇੱਕ ਅਜਿਹਾ ਬਿੱਲ ਲਿਆਉਣ 'ਤੇ ਵਿਚਾਰ ਕਰ ਰਹੀ ਹੈ ਜੋ ‘ਡਿਜੀਟਲ ਏਜ ਆਫ ਮੈਜੋਰਿਟੀ’ ਨੂੰ 14 ਤੋਂ ਵਧਾ ਕੇ 16 ਕਰ ਦੇਵੇਗਾ।
ਡਿਜੀਟਲ ਟ੍ਰਾਂਸਫਾਰਮੇਸ਼ਨ ਮੰਤਰੀ ਆਸਕਰ ਲੋਪੇਜ਼ ਨੇ ਐਲਾਨ ਕੀਤਾ ਹੈ ਕਿ ਸਪੇਨ ਉਮਰ ਪ੍ਰਮਾਣਿਕਤਾ ਤਕਨੀਕ (ਏ.ਆਈ. ਦੀ ਵਰਤੋਂ ਕਰਦਿਆਂ) ਦਾ ਇਸਤੇਮਾਲ ਸ਼ੁਰੂ ਕਰਨ ਵਾਲੇ ਪਹਿਲੇ ਯੂਰਪੀਅਨ ਯੂਨੀਅਨ (ਈਯੂ) ਦੇਸ਼ਾਂ 'ਚੋਂ ਇੱਕ ਬਣ ਗਿਆ ਹੈ। ਇਸ ਦੇਸ਼ ਦੇ ਪਾਇਲਟ ਪ੍ਰੋਜੈਕਟ ਦੀ ਯੂਰਪੀ ਕਮਿਸ਼ਨ ਅਤੇ ਤਿੰਨ ਹੋਰ ਦੇਸ਼ਾਂ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਕਾਨੂੰਨਾਂ ਤੇ ਟੂਲਾਂ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਯੋਜਨਾ ਨੂੰ 2026 'ਚ ਲਾਗੂ ਕਰਨ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ Instagram, Facebook, Threads, Snapchat, TikTok, X, YouTube, Reddit, Kik ਅਤੇ Twitch ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਸੀ। ਆਸਟ੍ਰੇਲੀਆ ਵਿੱਚ, ਜਿਹੜੀਆਂ ਸੋਸ਼ਲ ਮੀਡੀਆ ਕੰਪਨੀਆਂ 16 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਦੇ ਅਕਾਊਂਟ ਬਲਾਕ ਨਹੀਂ ਕਰਦੀਆਂ, ਉਨ੍ਹਾਂ 'ਤੇ 49.5 ਮਿਲੀਅਨ ਆਸਟ੍ਰੇਲੀਅਨ ਡਾਲਰ (32.9 ਮਿਲੀਅਨ ਅਮਰੀਕੀ ਡਾਲਰ) ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
