ਜਾਪਾਨ 'ਚ ਤੂਫਾਨ ਦਾ ਕਹਿਰ, ਕਰੀਬ 80,000 ਘਰ ਹਨੇਰੇ 'ਚ
Monday, Sep 16, 2019 - 02:49 PM (IST)

ਟੋਕੀਓ (ਬਿਊਰੋ)— ਪੂਰਬੀ ਜਾਪਾਨ ਵਿਚ ਆਏ ਸ਼ਕਤੀਸ਼ਾਲੀ ਤੂਫਾਨ 'ਫੈਕਸਾਈ' (Faxai) ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇੱਥੇ ਕਰੀਬ 80,000 ਘਰ ਹਨੇਰੇ ਵਿਚ ਹਨ। ਰਾਸ਼ਟਰੀ ਮੌਸਮ ਏਜੰਸੀ ਨੇ ਸੋਮਵਾਰ ਨੂੰ ਚਿਬਾ ਵਿਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਜ਼ਮੀਨ ਖਿਸਕਣ ਦੇ ਖਦਸ਼ੇ ਨੂੰ ਦੇਖਦੇ ਹੋਏ ਕਰੀਬ 50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦਾ ਆਦੇਸ਼ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਅਤੇ ਤੂਫਾਨ ਕਾਰਨ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ ਪਰ ਮੀਂਹ ਕਾਰਨ ਲੋਕਾਂ ਤੱਕ ਰਾਹਤ ਪਹੁੰਚਾਉਣ ਵਿਚ ਮੁਸ਼ਕਲ ਹੋ ਰਹੀ ਹੈ। ਇਸ ਤੂਫਾਨ ਵਿਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਤਿੰਨ ਬਜ਼ੁਰਗਾਂ ਦੀ ਹੀਟਸਟੋਕ ਕਾਰਨ ਮੌਤ ਹੋ ਗਈ ਹੈ।
ਟੋਕੀਓ ਇਲੈਕਟ੍ਰਿਕ ਕੰਪਨੀ (TEPCO) ਦੇ ਬੁਲਾਰੇ ਨਾਇਆ ਕਾਂਡੋ ਨੇ ਦੱਸਿਆ ਕਿ 78,700 ਘਰ ਹਾਲੇ ਵੀ ਰਾਜਧਾਨੀ ਦੇ ਦੱਖਣੀ ਟੋਕੀਓ ਵਿਚ ਬਿਨਾਂ ਬਿਜਲੀ ਅਤੇ ਪਾਣੀ ਦੇ ਰਹਿਣ ਲਈ ਮਜਬੂਰ ਹਨ। ਭਾਵੇਂਕਿ ਬੁਲਾਰੇ ਨੇ ਦੱਸਿਆ ਕਿ 27 ਸਤੰਬਰ ਤੱਕ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਰਬਤੀ ਖੇਤਰਾਂ ਵਿਚ ਮੁਸ਼ਕਲਾਂ ਆ ਰਹੀਆਂ ਹਨ ਪਰ ਇਨ੍ਹਾਂ ਦਾ ਹੱਲ ਵੀ ਜਲਦੀ ਲੱਭ ਲਿਆ ਜਾਵੇਗਾ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਕਰੀਬ 10 ਹਜ਼ਾਰ ਘਰਾਂ ਵਿਚ ਪਾਣੀ ਨਹੀਂ ਸੀ। ਫੌਜ ਦੀ ਮਦਦ ਨਾਲ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਦੇ ਟੈਂਕਰਾਂ ਜ਼ਰੀਏ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।