ਕਿਮ ਜੋਂਗ ਨੂੰ ਮੈਂਗੋ ਡਿਸ਼ ਪੇਸ਼ ਕਰੇਗਾ ਦੱਖਣੀ ਕੋਰੀਆ, ਜਾਪਾਨ ਨੂੰ ਇਤਰਾਜ਼
Friday, Apr 27, 2018 - 12:58 AM (IST)

ਟੋਕੀਓ— ਅਕਸਰ ਟਾਪੂਆਂ ਅਤੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਵਿਵਾਦਾਂ 'ਚ ਰਹਿਣ ਵਾਲਾ ਕੋਰੀਆਈ ਪ੍ਰਾਏਦੀਪ ਇਸ ਵਾਰ ਇਕ ਡਿਸ਼ ਨੂੰ ਲੈ ਕੇ ਵਿਵਾਦਾਂ 'ਚ ਹੈ। ਸ਼ੁੱਕਰਵਾਰ ਨੂੰ ਹੋਣ ਵਾਲੀ ਨਾਰਥ-ਸਾਊਥ ਸਮਿੱਟ ਵਿਚ ਦੱਖਣੀ ਕੋਰੀਆ ਅੰਬ ਦੇ ਰਸ ਤੋਂ ਬਣੀ ਡਿਸ਼ ਪੇਸ਼ ਕਰਨ ਵਾਲਾ ਹੈ ਪਰ ਜਾਪਾਨ ਨੇ ਇਸ 'ਤੇ ਇਤਰਾਜ਼ ਪ੍ਰਗਟਾਇਆ ਹੈ।
ਜਾਪਾਨ ਨੇ ਕਿਹਾ ਕਿ ਦੱਖਣੀ ਕੋਰੀਆ ਨੂੰ ਇਸ ਬਾਰੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਦਰਅਸਲ ਜਾਪਾਨ ਦੀ ਨਾਰਾਜ਼ਗੀ ਇਸ ਲਈ ਹੈ ਕਿਉਂਕਿ ਇਸ ਡਿਸ਼ ਦੇ ਨਾਲ ਕੋਰੀਆਈ ਪ੍ਰਾਏਦੀਪ ਦਾ ਨਕਸ਼ਾ ਵੀ ਦਿਖਾਈ ਦਿੰਦਾ ਹੈ। ਇਸ ਵਿਚ ਕਈ ਅਜਿਹੇ ਟਾਪੂ ਹਨ, ਜਿਨ੍ਹਾਂ ਨੂੰ ਲੈ ਕੇ ਜਾਪਾਨ ਦੇ ਨਾਲ ਝਗੜਾ ਹੈ। ਭੋਜਨ ਦੇ ਮਗਰੋਂ ਪਰੋਸੀ ਜਾਣ ਵਾਲੀ ਇਸ ਡਿੱਸ਼ ਨੂੰ ਪਬਲੀਸਿਟੀ ਫੋਟੋ ਵਿਚ 'ਸਪਰਿੰਗ ਆਫ ਦਿ ਪੀਪਲ' ਦੱਸਿਆ ਜਾਂਦਾ ਹੈ।
ਡਿਸ਼ ਦੇ ਨਾਲ ਜਾਪਾਨ 'ਚ ਕਿਹਾ ਜਾਣ ਵਾਲਾ ਟੇਕਸ਼ਿਮਾ ਅਤੇ ਕੋਰੀਆ 'ਚ ਡੋਕਡੋ ਦਾ ਨਕਸ਼ਾ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਜਾਪਾਨ ਸਾਗਰ 'ਚ ਦੇਸ਼ਾਂ ਦੇ ਦਰਮਿਆਨ ਪੈਂਦਾ ਹੈ। ਸਿਓਲ ਇਸ ਨੂੰ ਪੂਰਬੀ ਸਾਗਰ ਦੱਸਦਾ ਹੈ। ਜਾਪਾਨ ਦੇ ਵਿਦੇਸ਼ ਮੰਤਰਾਲਾ ਦੀ ਇਕ ਬੁਲਾਰਨ ਨੇ ਕਿਹਾ, ''ਇਹ ਬੇਹੱਦ ਅਫਸੋਸਜਨਕ ਹੈ। ਅਸੀਂ ਕਿਹਾ ਕਿ ਇਸ ਡਿਸ਼ ਨੂੰ ਨਾ ਵਰਤਾਇਆ ਜਾਵੇ।''