ਜਾਪਾਨ ਦੇ ਉੱਤਰੀ ਖੇਤਰ ''ਚ ਭਾਰੀ ਮੀਂਹ ਕਾਰਨ ਹੜ੍ਹ ਦੇ ਹਾਲਾਤ
Wednesday, Jul 29, 2020 - 10:00 PM (IST)
ਟੋਕੀਓ- ਜਾਪਾਨ ਦੇ ਉੱਤਰੀ ਖੇਤਰ ਵਿਚ ਬੁੱਧਵਾਰ ਨੂੰ ਭਾਰੀ ਮੀਂਹ ਪਿਆ ਜਿਸ ਕਾਰਨ ਰਿਹਾਇਸ਼ੀ ਖੇਤਰਾਂ ਵਿਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇੱਥੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਰਾਤ ਭਰ ਮੀਂਹ ਦੇ ਬਾਅਦ ਯਮਗਤਾ ਵਿਚ ਮੋਗਾਮੀ ਨਦੀ ਵਿਚ ਆਏ ਹੜ੍ਹ ਕਾਰਨ ਕਈ ਸ਼ਹਿਰ ਪਾਣੀ ਵਿਚ ਡੁੱਬ ਗਏ।
ਮੁੱਖ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨੇੜਲੇ ਅਕਿਤਾ ਖੇਤਰ ਵਿਚ ਇਕ ਹੋਰ ਨਦੀ ਵਿਚ ਵੀ ਉਫਾਨ ਆ ਗਿਆ। ਸੁਗਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਦੀ ਮੌਤ ਹੋਣ ਦੀ ਖਬਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖਤਰੇ ਵਾਲੇ ਸਥਾਨਾਂ ਤੋਂ ਦੂਰ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮਿੱਟੀ ਖਿਸਕਣ ਕਾਰਨ ਇਕ ਖੇਤਰ ਵਿਚ 500 ਲੋਕ ਫਸ ਗਏ। ਟੀ. ਵੀ. ਫੁਟੇਜ ਵਿਚ ਬਚਾਅ ਅਤੇ ਰਾਹਤ ਕਰਮਚਾਰੀਆਂ ਨੂੰ ਰਬੜ ਦੀ ਕਿਸ਼ਤੀ ਚਲਾਉਣ ਅਤੇ ਫਸੇ ਹੋਏ ਲੋਕਾਂ ਨੂੰ ਲੱਭਦੇ ਦੇਖਿਆ ਗਿਆ। ਬੁਲੇਟ ਟਰੇਨ ਸੇਵਾ ਅਤੇ ਕੁਝ ਹਾਈਵੇਅ ਬੰਦ ਹਨ। ਟੋਕੀਓ ਦੇ ਨੇੜੇ ਕੁਝ ਖੇਤਰਾਂ ਵਿਚ ਬੁੱਧਵਾਰ ਨੂੰ ਭਾਰੀ ਮੀਂਹ ਦਾ ਖਤਰਾ ਹੈ।