ਜਾਪਾਨ : ਐਨੀਮੇਸ਼ਨ ਸਟੂਡੀਓ 'ਚ ਲੱਗੀ ਅੱਗ, ਹੁਣ ਤੱਕ 24 ਲੋਕਾਂ ਦੀ ਮੌਤ (ਵੀਡੀਓ)
Thursday, Jul 18, 2019 - 04:08 PM (IST)

ਟੋਕੀਓ (ਵਾਰਤਾ)— ਜਾਪਾਨ ਦੇ ਕਓਟੋ ਸ਼ਹਿਰ ਵਿਚ ਵੀਰਵਾਰ ਨੂੰ ਤਿੰਨ ਮੰਜ਼ਿਲੀ ਐਨੀਮੇਸ਼ਨ ਸਟੂਡੀਓ ਵਿਚ ਅੱਗ ਲੱਗ ਗਈ। ਇਸ ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਕੰਪਨੀ ਦੇ ਅਧਿਕਾਰੀਆਂ ਮੁਤਾਬਕ ਸਟੂਡੀਓ ਵਿਚ ਸਥਾਨਕ ਸਮੇਂ ਮੁਤਾਬਕ 10:30 ਵਜੇ ਅੱਗ ਲੱਗੀ। ਸਥਾਨਕ ਪੁਲਸ ਮੁਤਾਬਕ ਇਕ ਸ਼ਖਸ ਸਟੂਡੀਓ ਵਿਚ ਦਾਖਲ ਹੋਇਆ ਅਤੇ ਉਸ ਨੇ ਚਾਰੇ ਪਾਸੇ ਗੈਸੋਲੀਨ ਛਿੜਕ ਕੇ ਉਸ ਵਿਚ ਅੱਗ ਲਗਾ ਦਿੱਤੀ। ਪੁਲਸ ਨੇ ਸ਼ਖਸ ਨੂੰ ਹਿਰਾਸਤ ਵਿਚ ਲੈ ਲਿਆ। ਫਿਲਹਾਲ ਸ਼ਖਸ ਦੇ ਅਜਿਹਾ ਕਰਨ ਪਿੱਛੇ ਉਦੇਸ਼ ਹਾਲੇ ਸਪਸ਼ੱਟ ਨਹੀਂ ਹੈ।
ਮੌਕੇ 'ਤੇ ਪਹੁੰਚੇ ਅੱਗ ਬੁਝਾਊ ਕਰਮਚਾਰੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਓਟੋ ਦੀ ਐਨੀਮੇਸ਼ਨ ਕੰਪਨੀ ਉਜੀ ਸ਼ਹਿਰ ਵਿਚ ਸਥਿਤ ਹੈ, ਜਿਸ ਦੀ ਸਥਾਪਨਾ ਸਾਲ 1981 ਵਿਚ ਕੀਤੀ ਗਈ ਸੀ। ਇਹ ਐਨੀਮੇਸ਼ਨ ਬਣਾਉਂਦੀ ਹੈ, ਐਨੀਮੇ ਆਈਟਮ ਵੇਚਦੀ ਹੈ ਅਤੇ ਐਨੀਮੇਟਰਸ ਨੂੰ ਸਿਖਲਾਈ ਦਿੰਦੀ ਹੈ। ਪੁਲਸ ਮੁਤਾਬਕ ਘਟਨਾ ਵਿਚ 38 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ।
京アニ第1スタジオが燃えてる pic.twitter.com/zVtP6STGMn
— ヤノパイセン (@mipyong1) July 18, 2019
ਦਮਕਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ,''ਹੇਠਲੀ ਅਤੇ ਪਹਿਲੀ ਮੰਜ਼ਿਲ 'ਤੇ 12 ਲੋਕ ਸਾਹ ਘੁੱਟ ਜਾਣ ਕਾਰਨ ਮ੍ਰਿਤਕ ਮਿਲੇ।'' ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਇਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਸੀ।
ਸਥਾਨਕ ਮੀਡੀਆ ਨੇ ਦੱਸਿਆ ਕਿ ਇਮਾਰਤ ਵਿਚ ਕਰੀਬ 70 ਲੋਕ ਮੌਜੂਦ ਸਨ। ਦਮਕਲ ਵਿਭਾਗ ਦੇ ਬੁਲਾਰੇ ਨੇ ਦੱਸਿਆ,''ਬਚਾਅ ਮੁਹਿੰਮ ਜਾਰੀ ਹੈ। ਅਸੀਂ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ।'' ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉੱਧਰ ਦੇਸ਼ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਇਸ ਹਮਲੇ ਵਿਚ ਮਾਰੇ ਅਤੇ ਜ਼ਖਮੀ ਹੋਏ ਲੋਕਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।