ਜਾਪਾਨ ਦੇ ਪੀ.ਐੱਮ. ਈਰਾਨ ਦੇ ਸਰਵ ਉੱਚ ਨੇਤਾ ਨਾਲ ਕਰਨਗੇ ਮੁਲਾਕਾਤ
Sunday, Jun 02, 2019 - 12:08 PM (IST)

ਟੋਕੀਓ (ਭਾਸ਼ਾ)— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਇਸ ਮਹੀਨੇ ਈਰਾਨ ਦੇ ਸਰਵ ਉੱਚ ਨੇਤਾ ਆਏਤੁੱਲਾ ਅਲੀ ਖਾਮੇਨੇਈ ਨਾਲ ਮੁਲਾਕਾਤ ਕਰਨਗੇ। ਜਾਪਾਨ, ਅਮਰੀਕਾ ਅਤੇ ਈਰਾਨ ਵਿਚਾਲੇ ਵਿਚੋਲਗੀ ਕਰਨਾ ਚਾਹੁੰਦਾ ਹੈ। ਈਰਾਨ ਅਤੇ ਜਾਪਾਨ ਦੇ ਖਾਸ ਸਹਿਯੋਗੀ ਅਮਰੀਕਾ ਨਾਲ ਵੱਧਦੇ ਤਣਾਅ ਵਿਚ ਆਬੇ ਨੇ ਕਥਿਤ ਰੂਪ ਨਾਲ ਵਿਚੋਲਗੀ ਕਰਨ ਦਾ ਪ੍ਰਸਤਾਵ ਰੱਖਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਈਰਾਨ ਦੀ ਅਧਿਕਾਰਕ ਯਾਤਰਾ ਕਰਨ ਦਾ ਵੀ ਵਿਚਾਰ ਕਰ ਰਹੇ ਹਨ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਆਬੇ ਦੀ ਪ੍ਰਭਾਵਸ਼ਾਲੀ ਨੇਤਾ ਖਾਮੇਨੇਈ ਨਾਲ ਪ੍ਰਸਤਾਵਿਤ ਮੁਲਾਕਾਤ, ਜਾਪਾਨੀ ਪ੍ਰਧਾਨ ਮੰਤਰੀ ਅਤੇ ਈਰਾਨ ਦੇ ਸਰਵ ਉੱਚ ਨੇਤਾ ਵਿਚਾਲੇ ਅਜਿਹੀ ਪਹਿਲੀ ਵਾਰਤਾ ਹੋਵੇਗੀ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫਤੇ ਟੋਕੀਓ ਯਾਤਰਾ ਦੌਰਾਨ ਕਿਹਾ ਸੀ ਕਿ ਉਹ ਈਰਾਨ ਨਾਲ ਗੱਲਬਾਤ ਲਈ ਰਾਜ਼ੀ ਹਨ। ਜਾਣਕਾਰੀ ਮੁਤਾਬਕ ਆਬੇ 12 ਤੋਂ 14 ਜੂਨ ਦੀ ਯਾਤਰਾ ਦੌਰਾਨ ਖਾਮੇਨੇਈ ਨਾਲ ਮਿਲਣ ਤੋਂ ਪਹਿਲਾਂ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮੁਲਾਕਾਤ ਕਰਨਗੇ।