ਜਾਪਾਨ ਦੇ ਸੱਤਾਧਾਰੀ ਗੱਠਜੋੜ ਨੇ ਹੇਠਲੇ ਸਦਨ ''ਚ ਗੁਆ ਦਿੱਤਾ ਬਹੁਮਤ
Monday, Oct 28, 2024 - 11:23 AM (IST)
ਟੋਕੀਓ (ਪੋਸਟ ਬਿਊਰੋ)- ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਸੱਤਾਧਾਰੀ ਗੱਠਜੋੜ ਨੇ ਸੰਸਦ ਦੇ 465 ਮੈਂਬਰੀ ਹੇਠਲੇ ਸਦਨ ਦੀਆਂ ਚੋਣਾਂ ਵਿੱਚ ਐਤਵਾਰ ਨੂੰ ਆਪਣਾ ਬਹੁਮਤ ਗੁਆ ਦਿੱਤਾ। ਨਤੀਜੇ ਸੱਤਾਧਾਰੀ ਪਾਰਟੀ ਦੇ ਵਿਆਪਕ ਵਿੱਤੀ "ਘਪਲਿਆਂ" ਪ੍ਰਤੀ ਵੋਟਰਾਂ ਦੇ ਗੁੱਸੇ ਨੂੰ ਦਰਸਾਉਂਦੇ ਹਨ। ਇਸ਼ੀਬਾ ਦੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐਲ.ਡੀ.ਪੀ) ਜਾਪਾਨ ਦੀ ਸੰਸਦ ਵਿੱਚ ਚੋਟੀ ਦੀ ਪਾਰਟੀ ਬਣੀ ਹੋਈ ਹੈ ਅਤੇ ਸਰਕਾਰ ਵਿੱਚ ਤਬਦੀਲੀ ਦੀ ਉਮੀਦ ਨਹੀਂ ਹੈ, ਪਰ ਨਤੀਜੇ ਸਿਆਸੀ ਅਨਿਸ਼ਚਿਤਤਾ ਪੈਦਾ ਕਰਦੇ ਹਨ। ਇਨ੍ਹਾਂ ਨਤੀਜਿਆਂ ਕਾਰਨ ਇਸ਼ੀਬਾ ਲਈ ਆਪਣੀ ਪਾਰਟੀ ਦੀਆਂ ਨੀਤੀਆਂ ਨੂੰ ਸੰਸਦ ਵਿਚ ਪਾਸ ਕਰਵਾਉਣਾ ਮੁਸ਼ਕਲ ਹੋ ਜਾਵੇਗਾ ਅਤੇ ਉਸ ਨੂੰ ਕਿਸੇ ਤੀਜੇ ਗਠਜੋੜ ਸਾਥੀ ਦੀ ਭਾਲ ਕਰਨੀ ਪੈ ਸਕਦੀ ਹੈ।
ਐਲ.ਡੀਪੀ ਗੱਠਜੋੜ ਨੇ ਘੱਟ ਸ਼ਕਤੀਸ਼ਾਲੀ ਉਪਰਲੇ ਸਦਨ ਵਿੱਚ ਆਪਣਾ ਬਹੁਮਤ ਬਰਕਰਾਰ ਰੱਖਿਆ ਹੈ। ਜਾਪਾਨੀ ਮੀਡੀਆ ਅਨੁਸਾਰ ਸੱਤਾਧਾਰੀ ਗੱਠਜੋੜ ਨੇ ਸਾਥੀ ਕੋਮੇਇਟੋ ਨਾਲ ਮਿਲ ਕੇ 215 ਸੀਟਾਂ ਜਿੱਤੀਆਂ, ਜੋ ਪਹਿਲਾਂ 279 ਸੀ। ਇਹ 2009 ਵਿੱਚ ਸੱਤਾ ਤੋਂ ਥੋੜ੍ਹੇ ਸਮੇਂ ਲਈ ਬਾਹਰ ਹੋਣ ਤੋਂ ਬਾਅਦ ਗੱਠਜੋੜ ਦਾ ਸਭ ਤੋਂ ਮਾੜਾ ਚੋਣ ਨਤੀਜਾ ਹੈ। ਜਾਪਾਨ ਦੀ ਦੋ ਸਦਨ ਵਾਲੀ ਸੰਸਦ ਵਿੱਚ, ਹੇਠਲਾ ਸਦਨ ਬਹੁਤ ਸ਼ਕਤੀਸ਼ਾਲੀ ਹੈ। ਇਸ਼ੀਬਾ ਨੇ 1 ਅਕਤੂਬਰ ਨੂੰ ਅਹੁਦਾ ਸੰਭਾਲਿਆ ਸੀ। ਉਸਨੇ ਆਪਣੇ ਪੂਰਵਗਾਮੀ ਫੂਮੀਓ ਕਿਸ਼ਿਦਾ ਦੇ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੀਆਂ ਕਾਰਵਾਈਆਂ 'ਤੇ ਜਨਤਕ ਗੁੱਸੇ ਨੂੰ ਦਬਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਸਮਰਥਨ ਦੀ ਉਮੀਦ ਵਿੱਚ ਸਨੈਪ ਚੋਣਾਂ ਦਾ ਆਦੇਸ਼ ਦਿੱਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਚੀਨੀ ਹੈਕਰਾਂ ਦੀ ਐਂਟਰੀ, ਨਿਸ਼ਾਨੇ 'ਤੇ ਸਿਆਸਤਦਾਨ
ਇਸ਼ੀਬਾ ਨੇ ਐਤਵਾਰ ਦੇਰ ਰਾਤ ਜਾਪਾਨ ਦੇ ਰਾਸ਼ਟਰੀ NHK ਟੈਲੀਵਿਜ਼ਨ ਨੂੰ ਦੱਸਿਆ,"ਅਸੀਂ ਨਤੀਜਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਮੇਰਾ ਮੰਨਣਾ ਹੈ ਕਿ ਵੋਟਰ ਸਾਨੂੰ ਹੋਰ ਸੋਚਣ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਾਲੀ ਪਾਰਟੀ ਬਣਨ ਲਈ ਕਹਿ ਰਹੇ ਹਨ।'' ਇਸ਼ੀਬਾ ਨੇ ਕਿਹਾ ਕਿ ਐਲ.ਡੀ.ਪੀ ਅਜੇ ਵੀ ਸੱਤਾਧਾਰੀ ਗੱਠਜੋੜ ਦੀ ਅਗਵਾਈ ਕਰੇਗੀ ਅਤੇ ਮੁੱਖ ਨੀਤੀਆਂ ਬਣਾਏਗੀ, ਇੱਕ ਯੋਜਨਾਬੱਧ ਪੂਰਕ ਬਜਟ ਤਿਆਰ ਕਰੇਗੀ ਅਤੇ ਸਿਆਸੀ ਸੁਧਾਰ ਕਰੇਗੀ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਜੇਕਰ ਜਨਤਾ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਸੰਭਵ ਹੋਇਆ ਤਾਂ ਉਨ੍ਹਾਂ ਦੀ ਪਾਰਟੀ ਵਿਰੋਧੀ ਸਮੂਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।