ਭਾਰਤ, ਜਾਪਾਨ ਨੇ ਰੱਖਿਆ ਸਹਿਯੋਗ ਮਜ਼ਬੂਤ ਕਰਨ ਲਈ ਸਮਝੌਤੇ ''ਤੇ ਕੀਤੇ ਦਸਤਖਤ
Friday, Sep 11, 2020 - 06:37 PM (IST)
ਟੋਕੀਓ (ਬਿਊਰੋ): ਭਾਰਤ ਅਤੇ ਜਾਪਾਨ ਨੇ ਅਜਿਹਾ ਸਮਝੌਤਾ ਕੀਤਾ ਹੈ ਕਿ ਜਿਸ ਨਾਲ ਚੀਨ ਨੂੰ ਜਲਨ ਹੋ ਸਕਦੀ ਹੈ, ਕਿਉਂਕਿ ਇਸ ਸਮਝੌਤੇ ਦੇ ਬਾਅਦ ਚੀਨ ਕੋਈ ਵੀ ਹਰਕਤ ਕਰਨ ਤੋਂ ਪਹਿਲਾਂ ਕਈ ਵਾਰ ਸੋਚੇਗਾ। ਭਾਰਤ ਅਤੇ ਜਾਪਾਨ ਦਾ ਇਹ ਸਮਝੌਤਾ ਮਿਲਟਰੀ ਬਲਾਂ ਦੀ ਸਪਲਾਈ ਅਤੇ ਸੇਵਾਵਾਂ ਦੇ ਲੈਣ-ਦੇਣ ਸਬੰਧੀ ਹੈ। ਮਤਲਬ ਯੁੱਧ ਦੀ ਸਥਿਤੀ ਵਿਚ ਭਾਰਤ ਅਤੇ ਜਾਪਾਨ ਇਕ-ਦੂਜੇ ਨੂੰ ਮਿਲਟਰੀ ਮਦਦ ਮੁਹੱਈਆ ਕਰਾਉਣਗੇ। ਇਸ ਤੋਂ ਪਹਿਲਾਂ ਵੀ ਭਾਰਤ ਨੇ ਅਮਰੀਕਾ, ਫਰਾਂਸ, ਦੱਖਣੀ ਕੋਰੀਆ,ਸਿੰਗਾਪੁਰ ਅਤੇ ਆਸਟ੍ਰੇਲੀਆ ਦੇ ਨਾਲ ਅਜਿਹਾ ਸਮਝੌਤਾ ਕੀਤਾ ਹੈ।
ਭਾਰਤ ਦੇ ਰੱਖਿਆ ਸਕੱਤਰ ਅਜੈ ਕੁਮਾਰ ਅਤੇ ਜਾਪਾਨ ਦੇ ਰਾਜਦੂਤ ਸੁਜ਼ੁਕੀ ਸਤੋਸ਼ੀ ਨੇ ਮਿਊਚਲ ਲੌਜਿਸਟਿਕ ਸਪੋਰਟ ਅਰੇਂਜਮੈਂਟ (MLSA) ਦੇ ਇਸ 'ਤੇ ਦਸਤਖਤ ਕੀਤੇ ਹਨ। ਇਸ ਤੋਂ ਪਹਿਲਾਂ ਸਾਲ 2016 ਵਿਚ ਭਾਰਤ ਅਤੇ ਅਮਰੀਕਾ ਨੇ ਜਿਹੜਾ ਸਮਝੌਤਾ ਕੀਤਾ ਹਾ ਉਸ ਦਾ ਨਾਮ ਦੀ ਲੌਜਿਸਟਿਕ ਐਕਸਚੇਂਜ ਮੈਮੋਰੰਡਮ ਆਫ ਐਗ੍ਰੀਮੈਂਟ (The Logistics Exchange Memorandum of Agreement - LEMOA) ਹੈ। ਇਸ ਸਮਝੌਤੇ ਦੇ ਤਹਿਤ ਭਾਰਤ ਨੂੰ ਅਮਰੀਕੀ ਮਿਲਟਰੀ ਬੇਸ ਜਿਬੌਤੀ, ਡਿਏਗੋ ਗਾਰਸੀਆ, ਗੁਆਮ ਅਤੇ ਸੁਬਿਕ ਬੇਅ ਵਿਚ ਬਾਲਣ ਅਤੇ ਆਵਾਜਾਈ ਦੀ ਇਜਾਜ਼ਤ ਹੈ।
ਸਰਹੱਦੀ ਵਿਵਾਦ ਸਬੰਧੀ ਐੱਲ.ਏ.ਸੀ. 'ਤੇ ਚੱਲ ਰਹੇ ਟਕਰਾਅ ਦੇ ਵਿਚ ਭਾਰਤ ਨੇ ਹਿੰਦ ਮਹਾਸਾਗਰ ਵਿਚ ਵੀ ਚੀਨ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ ਹੈ। ਭਾਰਤ ਅਤੇ ਜਾਪਾਨ ਵਿਚ ਹੋਏ ਇਤਿਹਾਸਿਕ ਰੱਖਿਆ ਸਮਝੌਤੇ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਮਝੌਤੇ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਫੋਨ 'ਤੇ ਗੱਲ ਕੀਤੀ ਸੀ। ਮੋਦੀ ਅਤੇ ਆਬੇ ਦੋਹਾਂ ਨੇ ਰੱਖਿਆ ਸਮਝੌਤੇ ਦੇ ਲਈ ਇਕ-ਦੂਜੇ ਦਾ ਧੰਨਵਾਦ ਕੀਤਾ ਸੀ।
ਅਜਿਹਾ ਸਮਝੌਤਾ ਪਹਿਲੀ ਵਾਰ ਹੋਇਆ ਹੈ ਜਦੋਂ ਜਾਪਾਨ ਦੇ ਨਾਲ ਹਥਿਆਰਬੰਦ ਬਲਾਂ ਨੂੰ ਆਪਸੀ ਸੇਵਾਵਾਂ ਮੁਹੱਈਆਂ ਕਰਾਈਆਂ ਜਾਣਗੀਆਂ। ਭਾਰਤ ਅਤੇ ਜਾਪਾਨ ਦੇ ਵਿਚ ਰਣਨੀਤਕ ਸੰਬੰਧ ਪਹਿਲਾਂ ਤੋਂ ਹਨ ਪਰ ਚੀਨ ਨਾਲ ਮੌਜੂਦਾ ਟਕਰਾਅ ਦੇ ਵਿਚ ਇਸ ਸਮਝੌਤੇ ਨਾਲ ਹਿੰਦ ਮਹਾਸਾਗਰ ਵਿਚ ਚੀਨ ਦੀ ਘੇਰਾਬੰਦੀ ਨੂੰ ਤੋੜਿਆ ਜਾ ਸਕਦਾ ਹੈ ਜਾਂ ਰੋਕਿਆ ਜਾ ਸਕਦਾ ਹੈ। ਇਸ ਸਮਝੌਤੇ ਦੇ ਬਾਅਦ ਭਾਰਤ ਹਿੰਦ ਮਹਾਸਾਗਰ ਵਿਚ ਵੀ ਰਣਨੀਤਕ ਬੜਤ ਲੈ ਸਕਦਾ ਹੈ। ਸਮਝੌਤੇ ਦੇ ਬਾਅਦ ਭਾਰਤੀ ਸੈਨਾਵਾਂ ਨੂੰ ਜਾਪਾਨੀ ਸੈਨਾਵਾਂ ਆਪਣੇ ਅੱਡਿਆਂ 'ਤੇ ਜ਼ਰੂਰੀ ਸਮੱਗਰੀ ਦੀ ਸਪਲਾਈ ਕਰ ਸਕੇਗੀ। ਨਾਲ ਹੀ ਭਾਰਤੀ ਸੈਨਾਵਾਂ ਨੂੰ ਰੱਖਿਆ ਸਾਜੋ ਸਾਮਾਨ ਵੀ ਮੁਹੱਈਆ ਕਰਾਏਗੀ। ਇਹ ਸਹੂਲਤ ਭਾਰਤੀ ਮਿਲਟਰੀ ਅੱਡਿਆਂ 'ਤੇ ਜਾਪਾਨੀ ਸੈਨਾਵਾਂ ਨੂੰ ਵੀ ਮਿਲੇਗੀ। ਯੁੱਧ ਦੀ ਸਥਿਤੀ ਵਿਚ ਇਹ ਸੇਵਾਵਾਂ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ।
ਜਾਪਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਵਿਚ ਨੇੜਲੇ ਸਹਿਯੋਗ ਨੂੰ ਵਧਾਵਾ ਦੇਵੇਗਾ। ਅਜਿਹੀ ਆਸ ਹੈ ਕਿ ਇਸ ਸਮਝੌਤੇ ਨਾਲ ਜਾਪਾਨੀ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਵਿਚ ਸਪਲਾਈ ਅਤੇ ਸੇਵਾਵਾਂ ਦੇ ਸੁਚਾਰੂ ਅਤੇ ਜਲਦੀ ਲੈਣ-ਦੇਣ ਦੀ ਸਹੂਲਤ ਮਿਲੇਗੀ। ਭਾਰਤੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਭਾਰਤ ਅਤੇ ਜਾਪਾਨ ਦੇ ਹਥਿਆਰਬੰਦ ਬਲਾਂ ਦੇ ਵਿਚ ਆਪਸੀ ਸਹਿਯੋਗ ਵਧਣ ਦੇ ਨਾਲ-ਨਾਲ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਹਿੱਸੇਦਾਰੀ ਦੇ ਤਹਿਤ ਦੋ-ਪੱਖੀ ਰੱਖਿਆ ਗਤੀਵਿਧੀਆਂ ਵਿਚ ਹੋਰ ਵਾਧਾ ਹੋਵੇਗਾ।