ਜਾਪਾਨ : ਸੈਰ-ਸਪਾਟੇ ਵਾਲੀਆਂ ਥਾਂਵਾਂ ''ਤੇ ਕੋਰੋਨਾ ਪ੍ਰਭਾਵਿਤਾਂ ''ਤੇ ਇਸ ਤਰ੍ਹਾਂ ਰੱਖੀ ਜਾਵੇਗੀ ਨਜ਼ਰ

Saturday, May 30, 2020 - 10:38 PM (IST)

ਟੋਕੀਓ - ਜਾਪਾਨ ਦੁਨੀਆ ਦੇ ਉਨਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੈ, ਜਿਸ ਨੇ ਗਲੋਬਲ ਮਹਾਮਾਰੀ ਕੋਰੋਨਾਵਾਇਰਸ 'ਤੇ ਕੰਟਰੋਲ ਪਾਉਣ ਵਿਚ ਕਾਫੀ ਹੱਦ ਤੱਕ ਸਫਲਤਾ ਪਾਈ ਹੈ ਅਤੇ ਉਥੇ ਹੌਲੀ-ਹੌਲੀ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਤੋਂ ਇਲਾਵਾ ਸੈਰ-ਸਪਾਟੇ ਵਾਲੀਆਂ ਥਾਂਵਾਂ ਨੂੰ ਖੋਲਿਆ ਜਾ ਰਿਹਾ ਹੈ। ਜਾਪਾਨ ਦੇ ਓਸਾਕਾ ਸ਼ਹਿਰ ਵਿਚ ਸੈਰ-ਸਪਾਟੇ ਵਾਲੀਆਂ ਥਾਂਵਾਂ 'ਤੇ ਕੋਰੋਨਾ ਪ੍ਰਭਾਵਿਤ ਲੋਕਾਂ 'ਤੇ ਨਜ਼ਰ ਰੱਖਣ ਲਈ ਕਿਊ. ਆਰ. ਕੋਡ ਦਾ ਇਸਤੇਮਾਲ ਕਰ ਨਵੀਂ ਨਿਗਰਾਨੀ ਪ੍ਰਣਾਲੀ ਅਪਣਾਈ ਜਾ ਰਹੀ ਹੈ।

ਜਾਪਾਨ ਦੀ ਮੀਡੀਆ ਮੁਤਾਬਕ, ਓਸਾਕਾ ਦੀਆਂ ਕਰੀਬ 500 ਸੈਰ-ਸਪਾਟੇ ਵਾਲੀਆਂ ਥਾਂਵਾਂ 'ਤੇ ਪ੍ਰਸ਼ਾਸਨ ਵੱਲੋਂ ਇਸ ਕਿਊ. ਆਰ. ਕੋਡ ਨਿਗਰਾਨੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਪ੍ਰਣਾਲੀ ਸੈਰ-ਸਪਾਟੇ ਵਾਲੀਆਂ ਥਾਂਵਾਂ ਦੇ ਐਂਟਰੀ ਗੇਟ 'ਤੇ ਲਗਾਈ ਜਾਵੇਗੀ। ਇਨ੍ਹਾਂ ਥਾਂਵਾਂ ਦਾ ਦੌਰਾ ਕਰਨ ਵਾਲੇ ਸਾਰੇ ਲੋਕਾਂ ਨੂੰ ਆਪਣੇ ਸਮਾਰਟਫੋਨ ਦੇ ਜ਼ਰੀਏ ਇਹ ਕਿਊ. ਆਰ. ਕੋਡ ਸਕੈਨ ਕਰਨਾ ਹੋਵੇਗਾ ਅਤੇ ਈ-ਮੇਲ ਦਾ ਰਜਿਸਟਰੀਕਰਣ ਕਰਨਾ ਹੋਵੇਗਾ। ਜੇਕਰ ਕੋਈ ਕੋਰੋਨਾ ਪ੍ਰਭਾਵਿਤ ਵਿਅਕਤੀ ਸੈਰ-ਸਪਾਟੇ ਵਾਲੀ ਥਾਂ 'ਤੇ ਆਉਂਦਾ ਹੈ ਤਾਂ ਤੁਰੰਤ ਉਥੇ ਆਉਣ ਵਾਲੇ ਲੋਕਾਂ ਦੇ ਈ-ਮੇਲ 'ਤੇ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ ਆਵੇਗੀ। ਜੇਕਰ ਕਿਸੇ ਸੈਰ-ਸਪਾਟੇ ਵਾਲੀਂ ਥਾਂ 'ਤੇ ਕੋਵਿਡ-19 ਵਾਇਰਸ ਦਾ ਕੋਈ ਮਾਮਲਾ ਨਹੀਂ ਆਇਆ ਤਾਂ 2 ਮਹੀਨੇ ਦੇ ਅੰਦਰ ਇਥੇ ਰਜਿਸਟਰਡ ਸਾਰੀਆਂ ਈ-ਮੇਲ ਆਪਣੇ ਆਪ ਹੀ ਡਿਲੀਟ ਹੋ ਜਾਣਗੀਆਂ।

ਜ਼ਿਕਰਯੋਗ ਹੈ ਕਿ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਕਮੀ ਆਉਣ ਤੋਂ ਬਾਅਦ ਦੇਸ਼ ਦੇ ਸਾਰੇ ਸੂਬਿਆਂ ਤੋਂ ਐਮਰਜੰਸੀ ਹਟਾਉਣ ਦਾ ਐਲਾਨ ਕੀਤਾ ਸੀ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ. ਐਸ. ਐਸ. ਈ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਜਾਪਾਨ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 16,700 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਸ ਮਹਾਮਾਰੀ ਨਾਲ 880 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।


Khushdeep Jassi

Content Editor

Related News