ਜੈਸ਼ੰਕਰ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਰਣਨੀਤਕ ਮੁੱਦਿਆਂ ''ਤੇ ਹੋਈ ਚਰਚਾ

11/13/2019 7:10:12 PM

ਪੈਰਿਸ (ਭਾਸ਼ਾ)- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਇਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨਾਲ ਮੁਲਾਕਾਤ ਕੀਤੀ ਅਤੇ ਮਹੱਤਵਪੂਰਨ ਰਣਨੀਤਕ ਮੁੱਦਿਆਂ 'ਤੇ ਉਨ੍ਹਾਂ ਨਾਲ ਚੰਗੀ ਚਰਚਾ ਕੀਤੀ। ਦੋਹਾਂ ਨੇਤਾਵਾਂ ਦੀ ਮੰਗਲਵਾਰ ਨੂੰ ਪੈਰਿਸ ਸ਼ਾਂਤੀ ਮੰਚ ਵਿਚ ਮੁਲਾਕਾਤ ਹੋਈ। ਜੈਸ਼ੰਕਰ ਨੇ ਮੀਟਿੰਗ ਤੋਂ ਬਾਅਦ ਟਵੀਟ ਕੀਤਾ, ਪੈਰਿਸ ਸ਼ਾਂਤੀ ਮੰਚ ਵਿਚ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਹੋਈ। ਮਹੱਤਵਪੂਰਨ ਰਣਨੀਤਕ ਮੁੱਦਿਆਂ 'ਤੇ ਚੰਗੀ ਚਰਚਾ ਹੋਈ। ਸਾਲ 1998 ਵਿਚ ਭਾਰਤ ਅਤੇ ਫਰਾਂਸ ਵਿਚਾਲੇ ਰਣਨੀਤਕ ਭਾਈਵਾਲੀ ਸਥਾਪਿਤ ਹੋਈ ਸੀ। ਰੱਖਿਆ, ਸੁਰੱਖਿਆ ਸਹਿਯੋਗ, ਪੁਲਾੜ ਸਹਿਯੋਗ ਅਤੇ ਗੈਰ ਫੌਜੀ ਪ੍ਰਮਾਣੂੰ ਸਹਿਯੋਗ ਰਣਨੀਤਕ ਭਾਈਵਾਲੀ ਦੇ ਮਹੱਤਵਪੂਰਨ ਘਟਨਾ ਹੈ। ਭਾਰਤੀ ਏਅਰ ਫੋਰਸ ਨੇ ਪਿਛਲ਼ੇ ਮਹੀਨੇ ਫਰਾਂਸ ਤੋਂ 36 ਲੜਾਕੂ ਜਹਾਜ਼ਾਂ ਦੀ ਖੇਪ ਤੋਂ ਪਹਿਲਾ ਰਾਫੇਲ ਲੜਾਕੂ ਜਹਾਜ਼ ਗ੍ਰਹਿਣ ਕੀਤਾ ਸੀ।

ਪੈਰਿਸ ਸ਼ਾੰਤੀ ਮੰਚ ਵਿਚ ਜੈਸ਼ੰਕਰ ਨੇ ਆਪਣੇ ਸੰਬੋਧਨ ਦੌਰਾਨ,  ਦੋ ਪੱਖੀ ਅਤੇ ਬਹੁ ਪੱਖੀ ਤੌਰ 'ਤੇ ਰਾਸ਼ਟਰਾਂ ਵਲੋਂ ਇਨਟੈਗਰੇਟਿਡ ਕਾਰਵਾਈ ਦਾ ਸੱਦਾ ਕੀਤਾ, ਤਾਂ ਜੋ ਅੱਤਵਾਦ ਅਤੇ ਵੱਖਵਾਦ ਦੀਆਂ ਤਾਕਤਾਂ ਨੂੰ ਡਿਜੀਟਲ ਖੇਤਰ ਵਿਚ ਮੌਜੂਦਗੀ ਤੋਂ ਰੋਕਿਆ ਜਾ ਸਕੇ। ਸਾਈਬਰਜਗਤ ਵਿਚ ਸ਼ਾਸਨ ਦੇ ਸਬੰਧ ਵਿਚ ਜੈਸ਼ੰਕਰ ਨੇ ਕਿਹਾ ਕਿ ਮਹੱਤਵਪੂਰਨ ਬੁਨਿਆਦੀ ਢਾਂਚੇ 'ਤੇ ਸਾਈਬਰ ਹਮਲਿਆਂ ਸਣੇ ਵਿਸ਼ੇਸ਼ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਦੇਸ਼ਾਂ ਨੂੰ ਛੇਤੀ ਕਾਰਵਾਈ ਅਤੇ ਇਸ ਦਾ ਅਸਰ ਘੱਟ ਕਰਨ ਲਈ ਸਮਝੌਤਾ ਕਰਨ 'ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਨਲਾਈਨ ਜਗਤ ਤੋਂ ਅੱਤਵਾਦੀ ਅਤੇ ਹਿੰਸਕ ਵੱਖਵਾਦੀ ਵਿਸ਼ਾਵਸਤੂ ਨੂੰ ਖਤਮ ਕਰਨ ਲਈ ਭਾਰਤ ਕ੍ਰਾਈਸਟਚਰਚ ਕਾਲ ਦੀ ਹਮਾਇਤ ਕਰਦਾ ਹੈ।

ਇਸ ਦੇ ਤਹਿਤ ਦੇਸ਼ਾਂ ਨੂੰ ਬਰਾਬਰ ਸੋਚ ਵਾਲੇ ਦੇਸ਼ਾਂ ਦੇ ਨਾਲ ਕੰਮ ਕਰਦੇ ਹੋਏ ਯਕੀਨੀ ਕਰਨਾ ਹੈ ਕਿ ਡਿਜੀਟਲ ਜਗਤ ਸਾਡੀ ਸੁਰੱਖਿਆ ਲਈ ਖਤਰਾ ਬਣੇ ਬਿਨਾਂ ਸਾਡੇ ਸਮਾਜ ਅਤੇ ਅਰਥਵਿਵਸਥਾ ਨੂੰ ਬਿਹਤਰ ਬਣਾਉਣ ਲਈ ਕੰਮ ਕਰੇ। ਇਸ ਸਾਲ 15 ਮਾਰਚ ਨੂੰ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ਵਿਚ ਅੱਤਵਾਦੀ ਹਮਲੇ ਵਿਚ ਮੁਸਲਿਮ ਭਾਈਚਾਰੇ ਦੇ 51 ਲੋਕਾਂ ਦੀ ਮੌਤ ਹੋ ਗਈ ਸੀ। ਇਸ ਅੱਤਵਾਦੀ ਘਟਨਾ ਦਾ ਇੰਟਰਨੈੱਟ 'ਤੇ ਲਾਈਵ ਪ੍ਰਸਾਰਣ ਕਰ ਦਿੱਤਾ ਗਿਆ ਸੀ। ਇਸੇ ਘਟਨੇ ਤੋਂ ਬਾਅਦ ਕ੍ਰਾਈਸਟਚਰਚ ਕਾਲ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ ਗਈ। ਭਾਰਤ ਨੇ ਆਨਲਾਈਨ ਜਗਤ ਵਿਚ ਅੱਤਵਾਦ ਅਤੇ ਵੱਖਵਾਦੀ ਵਿਸ਼ਾ ਵਸਤੂ ਨਾਲ ਮੁਕਾਬਲੇ ਅਤੇ ਇੰਟਰਨੈੱਟ ਨੂੰ ਸੁਰੱਖਿਅਤ ਬਣਾਉਣ ਲਈ ਫਰਾਂਸ, ਨਿਊਜ਼ੀਲੈਂਡ, ਕੈਨੇਡਾ ਅਤੇ ਕਈ ਹੋਰ ਸ਼ਹਿਰਾਂ ਦੇ ਨਾਲ ਹੱਥ ਮਿਲਾਇਆ ਹੈ।

ਜੈਸ਼ੰਕਰ ਨੇ ਕਿਹਾ ਕਿ ਸਾਈਬਰ ਜਗਤ ਨੂੰ ਖੁੱਲ੍ਹਾ, ਸੁਰੱਖਿਅਤ ਬਣਾਈ ਰੱਖਣ ਲਈ ਜੇਕਰ ਸੰਸਾਰਕ ਨਿਯਮ ਨਾ ਵੀ ਤਿਆਰ ਹੋਣ ਤਾਂ ਘੱਟੋ-ਘੱਟ ਸੰਸਾਰਕ ਸਹਿਮਤੀ ਬਣਾਉਣ ਦੀ ਲੋੜ ਹੈ। ਇਸ ਦੇ ਲਈ ਪਹਿਲਾਂ ਤੋਂ ਜ਼ਿਆਦਾ ਬਹੁ ਪੱਖੀ ਹੋਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਰਗੇ ਵੱਡੇ ਵਿਕਾਸਸ਼ੀਲ ਦੇਸ਼ ਲਈ ਡਿਜੀਟਲ ਜਗਤ ਅਤੇ ਇਸ ਦੀ ਤਕਨੀਕ ਸਾਡੇ ਲੋਕਤੰਤਰ ਅਤੇ ਵਿਕਾਸ ਪ੍ਰੋਗਰਾਮਾਂ ਵਿਚ ਵੱਡੀ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ 1.2 ਅਰਬ ਬਾਇਓਮੀਟ੍ਰਿਕ ਅਧਾਰਿਤ ਡਿਜੀਟਲ ਯੂਨੀਕ ਪਛਾਣ ਪੱਤਰ ਪ੍ਰੋਗਰਾਮ, 1.2 ਅਰਬ ਮੋਬਾਇਲ ਫੋਨ ਕੁਨੈਕਸ਼ਨ, ਇਕ ਅਰਬ ਬੈਂਕ ਖਾਤੇ ਅਤੇ 50 ਕਰੋੜ ਤੋਂ ਜ਼ਿਆਦਾ ਇੰਟਰਨੈੱਟ ਕੁਨੈਕਸ਼ਨ ਨੇ ਵੱਡਾ ਢਾਂਚਾ ਤਿਆਰ ਕੀਤਾ ਹੈ, ਜੋ ਸ਼ਾਸਨ ਦੇ ਨਾਲ ਵਿਕਾਸ ਨੂੰ ਹੁੰਗਾਰਾ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਮੌਕੇ ਤੋਂ ਰੋਮਾਂਚਿਤ ਹਾਂ ਪਰ ਸਾਈਬਰ ਜਗਤ ਦੇ ਖਤਰਿਆਂ ਬਾਰੇ ਵੀ ਚਿੰਤਤ ਹਾਂ।


Sunny Mehra

Edited By Sunny Mehra