ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਹੀਆਂ ਵੱਡੀਆਂ ਗੱਲਾਂ

Wednesday, Jul 14, 2021 - 10:36 PM (IST)

ਜੈਸ਼ੰਕਰ ਨੇ ਚੀਨੀ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ, ਕਹੀਆਂ ਵੱਡੀਆਂ ਗੱਲਾਂ

ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁੱਧਵਾਰ ਆਪਣੇ ਚੀਨੀ ਹਮਅਹੁਦਾ ਵਾਂਗ ਯੀ ਨਾਲ ਤਾਜਿਕਸਤਾਨ ਦੇ ਦੁਸ਼ਾਂਬੇ ’ਚ ਮੁਲਾਕਾਤ ਕੀਤੀ। ਉਨ੍ਹਾਂ ਗੱਲਬਾਤ ਦੌਰਾਨ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਸਥਿਤੀ ’ਚ ਕੋਈ ਵੀ ਇਕਤਰਫ਼ਾ ਬਦਲਾਅ ਭਾਰਤ ਨੂੰ ਸਵੀਕਾਰ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਫੌਜੀਆਂ ਦੀ ਪੂਰੀ ਤਰ੍ਹਾਂ ਵਾਪਸੀ ਤੇ ਪੂਰਬੀ ਲੱਦਾਖ ’ਚ ਮੁੱਖ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਮੌਜੂਦਾ ਸਥਿਤੀ ਨੂੰ ਲੰਬਾ ਖਿੱਚਣਾ ‘ਸਬੰਧਾਂ ਨੂੰ ਨਾਂਹਪੱਖੀ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ।’ ਵਿਦੇਸ਼ ਮੰਤਰਾਲੇ ਦੇ ਅਨੁਸਾਰ ਦੁਸ਼ਾਂਬੇ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸੰਮੇਲਨ ਦੌਰਾਨ ਇਕ ਘੰਟੇ ਤਕ ਚੱਲੀ ਬੈਠਕ ਦੌਰਾਨ ਦੋਵਾਂ ਵਿਦੇਸ਼ ਮੰਤਰੀਆਂ ਨੇ ਜਲਦ ਹੀ ਅਗਲੇ ਦੌਰ ਦੀ ਫੌਜੀ ਗੱਲਬਾਤ ਆਯੋਜਿਤ ਕਰਨ ’ਤੇ ਸਹਿਮਤੀ ਪ੍ਰਗਟਾਈ, ਜਿਸ ਦਾ ਫੋਕਸ ਮੁੱਖ ਤੌਰ ’ਤੇ ਸਵੀਕਾਰਯੋਗ ਹੱਲ ਖੋਜਣ ਲਈ ਪੈਂਡਿੰਗ ਮੁੱਦਿਆਂ ’ਤੇ ਚਰਚਾ ਕਰਨ ’ਤੇ ਹੋਣਾ ਚਾਹੀਦਾ ਹੈ।

ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਸ ਗੱਲ ’ਤੇ ਵੀ ਸਹਿਮਤੀ ਬਣੀ ਹੈ ਕਿ ਦੋਵੇਂ ਪੱਖ ਜ਼ਮੀਨੀ ਪੱਧਰ ’ਤੇ ਸਥਿਰਤਾ ਯਕੀਨੀ ਕਰਨਾ ਜਾਰੀ ਰੱਖਣਗੇ ਤੇ ਕੋਈ ਵੀ ਪੱਖ ਇਕਤਰਫਾ ਕਾਰਵਾਈ ਨਹੀਂ ਕਰੇਗਾ, ਜਿਸ ਨਾਲ ਤਣਾਅ ’ਚ ਵਾਧਾ ਹੋਵੇ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਗੱਲਬਾਤ ਦੌਰਾਨ ਜੈਸ਼ੰਕਰ ਨੇ ਯਾਦ ਦਿਵਾਇਆ ਕਿ ਦੋਵੇਂ ਪੱਖ ਇਸ ਗੱਲ ’ਤੇ ਸਹਿਮਤ ਹੋਏ ਸਨ ਕਿ ਮੌਜੂਦਾ ਸਥਿਤੀ ਨੂੰ ਲੰਬਾ ਖਿੱਚਣਾ ਕਿਸੇ ਵੀ ਪੱਖ ਦੇ ਹਿੱਤ ’ਚ ਨਹੀਂ ਹੈ ਤੇ ਇਹ ਸਬੰਧਾਂ ਨੂੰ ਨਾਂਹਪੱਖੀ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਸ ਲਈ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਪੱਖ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਪੂਰਬੀ ਲੱਦਾਖ ’ਚ ਐੱਲ. ਏ. ਸੀ. ਨਾਲ ਸਬੰਧਿਤ ਮੁੱਖ ਮੁੱਦਿਆਂ ਦੇ ਜਲਦ ਹੱਲ ਦੀ ਦਿਸ਼ਾ ’ਚ ਕੰਮ ਕਰਨ, ਨਾਲ ਹੀ ਦੋਪੱਖੀ ਸਮਝੌਤਿਆਂ ਤੇ ਪ੍ਰੋਟੋਕਾਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇ।


author

Manoj

Content Editor

Related News