ਨਿਊਜ਼ੀਲੈਂਡ ਨੇ ਮਿਆਂਮਾਰ ਦੇ ਫ਼ੌਜੀ ਸ਼ਾਸਕਾਂ ਨਾਲ ਤੋੜੇ ਸਾਰੇ ਸੰਬੰਧ, ਲਗਾਈਆਂ ਇਹ ਪਾਬੰਦੀਆਂ
Tuesday, Feb 09, 2021 - 05:56 PM (IST)
ਵੈਲਿੰਗਟਨ (ਬਿਊਰੋ): ਮਿਆਂਮਾਰ ਵਿਚ ਲੋਕਤੰਤਰੀ ਸਰਕਾਰ ਦੇ ਤਖਤਾਪਲਟ ਦੇ ਬਾਅਦ ਉਸ ਦੀ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਇਸ ਲੜੀ ਵਿਚ ਹੁਣ ਨਿਊਜ਼ੀਲੈਂਡ ਨੇ ਮਿਆਂਮਾਰ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਉਸ ਨਾਲ ਆਪਣੇ ਸਾਰੇ ਸੰਬੰਧਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਨਿਊਜ਼ੀਲੈਂਡ ਨੇ ਮਿਆਂਮਾਰ ਨਾਲ ਮਿਲਟਰੀ ਅਤੇ ਰਾਜਨੀਤਕ ਸੰਬੰਧਾ ਖ਼ਤਮ ਕਰ ਦਿੱਤੇ ਹਨ।
ਨਿਊਜ਼ੀਲੈਂਡ ਨੇ ਮਿਆਂਮਾਰ ਦੇ ਨਾਲ ਸਾਰੇ ਉੱਚ ਪੱਧਰੀ ਸੰਪਰਕ ਰੱਦ ਕਰਦੇ ਹੋਏ ਮਿਆਂਮਾਰ ਦੇ ਮਿਲਟਰੀ ਅਧਿਕਾਰੀਆਂ ਦੇ ਨਿਊਜ਼ੀਲੈਂਡ ਆਉਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮਿਆਂਮਾਰ 'ਤੇ ਪਾਬੰਦੀ ਲਗਾਉਣ ਦੇ ਨਾਲ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਮਿਆਂਮਾਰ ਵਿਚ ਮਿਲਟਰੀ ਸ਼ਾਸਨ ਹੈ ਉਦੋਂ ਤੱਕ ਨਿਊਜ਼ੀਲੈਂਡ ਮਿਆਂਮਾਰ ਦੀ ਕੋਈ ਮਦਦ ਨਹੀਂ ਕਰੇਗਾ। ਜੈਸਿੰਡਾ ਨੇ ਕਿਹਾ ਕਿ ਅਸੀਂ ਮਿਆਂਮਾਰ ਦੇ ਮਿਲਟਰੀ ਸ਼ਾਸਕਾਂ ਨੂੰ ਨਿਊਜ਼ੀਲੈਂਡ ਵਿਚ ਰਹਿ ਕੇ ਸਖ਼ਤ ਸੰਦੇਸ਼ ਦੇਣਾ ਚਾਹੁੰਦੇ ਹਾਂ। ਅਸੀਂ ਨਿਊਜ਼ੀਲੈਂਡ ਵਿਚ ਰਹਿ ਕੇ ਜਿੰਨਾ ਕਰ ਸਕਦੇ ਹਾਂ ਉਨਾ ਹੀ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖਬਰ- ਬਿਲਾਵਲ ਭੁੱਟੋ ਨੇ ਪਾਕਿ ਸੈਨਾ ਨੂੰ ਦਿੱਤੀ ਚਿਤਾਵਨੀ, ਰਾਜਨੀਤੀ 'ਚ ਬੰਦ ਕਰਨ ਦਖਲ ਅੰਦਾਜ਼ੀ
ਜੈਸਿੰਡਾ ਮੁਤਾਬਕ ਜਦੋਂ ਤੱਕ ਮਿਆਂਮਾਰ ਵਿਚ ਮਿਲਟਰੀ ਤਾਨਾਸ਼ਾਹੀ ਹੈ ਉਦੋਂ ਤੱਕ ਉਹ ਮਿਲਟਰੀ ਸ਼ਾਸਕਾਂ ਨੂੰ ਆਰਥਿਕ ਮਦਦ ਵੀ ਨਹੀਂ ਦੇਣਗੇ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵੱਡੇ ਪੱਧਰ 'ਤੇ ਮਿਆਂਮਾਰ ਨੂੰ ਆਰਥਿਕ ਮਦਦ ਦਿੰਦਾ ਰਿਹਾ ਹੈ। ਨਿਊਜ਼ੀਲੈਂਡ ਨੇ 2018 ਤੋਂ 2021 ਦਰਮਿਆਨ ਮਿਆਂਮਾਰ ਨੂੰ 30 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਿੱਤੀ ਸੀ। ਉੱਥੇ ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨਾਨੀਯਾ ਮਹੁਤਾ ਨੇ ਕਿਹਾ ਹੈ ਕਿ ਇਕ ਲੋਕਤੰਤਰੀ ਦੇਸ਼ ਹੋਣ ਦੇ ਨਾਤੇ ਅਸੀਂ ਮਿਆਂਮਾਰ ਦੀ ਮਿਲਟਰੀ ਸੱਤਾ ਨੂੰ ਮਾਨਤਾ ਨਹੀਂ ਦਿੰਦੇ ਹਾਂ। ਨਾਲ ਹੀ ਅਸੀਂ ਮਿਲਟਰੀ ਤਾਨਾਸ਼ਾਹਾਂ ਤੋਂ ਮੰਗ ਕਰਦੇ ਹਾਂ ਕਿ ਮਿਆਂਮਾਰ ਦੇ ਸਾਰੇ ਸਿਆਸਤਦਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਉੱਧਰ ਮਿਆਂਮਾਰ ਵਿਚ ਮਿਲਟਰੀ ਸ਼ਾਸਨ ਖ਼ਿਲਾਫ਼ ਵੱਡੇ ਪੱਧਰ 'ਤੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਨੌਜਵਾਨ ਵਰਗ ਨੇ ਸੈਨਾ ਦੇ ਸ਼ਾਸਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਪਿਛਲੇ 10 ਸਾਲਾਂ ਵਿਚ ਅਜਿਹਾ ਪਹਿਲੀ ਵਾਰ ਹੈ ਜਦੋਂ ਮਿਆਂਮਾਰ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕ ਸੜਕਾਂ 'ਤੇ ਹਨ।
ਨੋਟ- ਨਿਊਜ਼ੀਲੈਂਡ ਦੇ ਮਿਆਂਮਾਰ ਨਾਲ ਸਾਰੇ ਸੰਬੰਧ ਕੀਤੇ ਖਤਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।