ਇਟਲੀ 'ਚ ਕਾਨੂੰਨ ਦੀ ਉਲੰਘਣਾ ਕਰਨ 'ਤੇ ਸੈਲਾਨੀ ਨੂੰ 250 ਯੂਰੋ ਜ਼ੁਰਮਾਨਾ

Sunday, Aug 18, 2019 - 04:02 PM (IST)

ਇਟਲੀ 'ਚ ਕਾਨੂੰਨ ਦੀ ਉਲੰਘਣਾ ਕਰਨ 'ਤੇ ਸੈਲਾਨੀ ਨੂੰ 250 ਯੂਰੋ ਜ਼ੁਰਮਾਨਾ

ਰੋਮ/ਇਟਲੀ (ਕੈਂਥ)— ਇਹ ਖਬਰ ਉਹਨਾਂ ਲੋਕਾਂ ਨੂੰ ਜ਼ਰੂਰ ਹੈਰਾਨ ਕਰ ਦਵੇਗੀ ਜਿਹੜੇ ਕਿ ਸਦਾ ਸਥਾਨਕ ਕਾਨੂੰਨ ਨੂੰ ਟਿੱਚ ਕਰਕੇ ਜਾਣਦੇ ਹਨ। ਕਈ ਵਾਰ ਜਦੋਂ ਇਹੀ ਲੋਕ ਕਾਨੂੰਨ ਦੀ ਉਲੰਘਣਾ ਕਰਨ ਤਹਿਤ ਸਜ਼ਾ ਵਜੋਂ ਆਰਥਿਕ ਨੁਕਸਾਨ ਝੱਲਦੇ ਹਨ ਤਾਂ ਫਿਰ ਪਛਤਾਉਂਦੇ ਹਨ। ਅਜਿਹੀ ਹੀ ਇੱਕ ਘਟਨਾ ਕੰਪਾਨੀਆਂ ਸੂਬੇ ਸ਼ਹਿਰ ਐਗਰੋਪੋਲੀ (ਸਲੇਰਨੋ) ਵਿਖੇ ਦੇਖਣ ਨੂੰ ਮਿਲੀ, ਜਿੱਥੇ ਇੱਕ ਵਿਅਕਤੀ ਨੂੰ 250 ਯੂਰੋ ਦਾ ਜ਼ੁਰਮਾਨਾ ਉਦੋਂ ਭੁਗਤਣਾ ਪਿਆ ਜਦੋਂ ਉਹ ਸਵੇਰੇ-ਸਵੇਰੇ ਐਗਰੋਪਲੀ ਸ਼ਹਿਰ ਦੀਆਂ ਗਲੀਆਂ ਵਿੱਚ ਬਿਨਾਂ ਟੀ-ਸ਼ਰਟ ਅਤੇ ਬਿਨਾਂ ਕਮੀਜ਼ ਨੰਗੀ ਛਾਤੀ ਕਰ ਸੈਰ ਕਰ ਰਿਹਾ ਸੀ।

ਵਿਅਕਤੀ ਦੇ ਇਸ ਨੰਗਪੁਣੇ ਕਾਰਨ ਸਥਾਨਕ ਪੁਲਸ ਨੇ ਉਸ ਨੂੰ 250 ਯੂਰੋ ਦਾ ਜ਼ਰਮਾਨਾ ਇਹ ਕਹਿ ਕੇ ਲਗਾ ਦਿੱਤਾ ਕਿ ਸ਼ਹਿਰ ਦੇ ਮੇਅਰ ਦੇ ਨਿਰਦੇਸ਼ ਹਨ ਕਿ ਸ਼ਹਿਰ ਅੰਦਰ ਕੋਈ ਵੀ ਵਿਅਕਤੀ ਨੰਗਪੁਣੇ ਵਿੱਚ ਨਹੀਂ ਘੁੰਮ ਸਕਦਾ ।ਮੇਅਰ ਦੇ ਇਹਨਾਂ ਨਿਰਦੇਸ਼ਾਂ ਦੀ ਸੰਬੰਧਤ ਵਿਅਕਤੀ ਨੇ ਉਲੰਘਣਾ ਕੀਤੀ ਸੀ, ਜਿਸ ਲਈ ਉਸ ਨੂੰ ਜ਼ੁਰਮਾਨਾ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਇਟਲੀ ਇੱਕ ਇਤਿਹਾਸਕ ਦੇਸ਼ ਹੈ ਜਿਸ ਨੂੰ ਗਰਮੀਆਂ ਵਿੱਚ ਦੇਖਣ ਲਈ ਲੱਖਾਂ ਸੈਲਾਨੀ ਆਉਂਦੇ ਹਨ ਪਰ ਕਈ ਸੈਲਾਨੀ ਅਜਿਹੇ ਹੁੰਦੇ ਹਨ ਜਿਹੜੇ ਇਟਲੀ ਦੇ ਕਈ ਸ਼ਹਿਰਾਂ ਦੇ ਮੇਅਰਾਂ ਵੱਲੋਂ ਸੰਬੰਧਤ ਸ਼ਹਿਰ ਦੀ ਸਾਫ-ਸਫਾਈ ਅਤੇ ਅਨੁਸ਼ਾਸ਼ਨ ਕਾਇਮ ਰੱਖਣ ਲਈ ਬਣਾਏ ਕਾਨੂੰਨ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਬਾਅਦ ਵਿੱਚ ਜ਼ੁਰਮਾਨੇ ਭੁਗਤਦੇ ਹਨ।

ਬੀਤੇ ਦਿਨੀਂ ਵੀ ਇਟਲੀ ਦੇ ਪਾਣੀ ਵਾਲੇ ਸ਼ਹਿਰ ਦੇ ਇੱਕ ਪੁਲ ਉਪੱਰ ਦੋ ਸੈਨਾਨੀਆਂ ਨੂੰ 950 ਯੂਰੋ ਦੀ ਜ਼ੁਰਮਾਨਾ ਉਦੋਂ ਹੋਇਆ ਸੀ ਜਦੋਂ ਉਹ ਪੁਲ ਉਪੱਰ ਹੀ ਚਾਹ ਬਣਾਉਣ ਲੱਗੇ ਸਨ। ਹੋਰ ਵੀ ਕਈ ਕੇਸਾਂ ਵਿੱਚ ਸੈਲਾਨੀਆਂ ਨੂੰ ਸਥਾਨਕ ਸ਼ਹਿਰਾਂ ਦਾ ਕਾਨੂੰਨ ਭੰਗ ਕਰਨ ਲਈ ਜ਼ੁਰਮਾਨੇ ਹੋ ਚੁੱਕੇ ਹਨ।ਇਸ ਖਬਰ ਦੇ ਮਾਧਿਅਮ ਨਾਲ ਅਸੀਂ ਇਟਲੀ ਆਉਣ ਵਾਲੇ ਭਾਰਤੀ ਲੋਕਾਂ ਨੂੰ ਅਗਾਹ ਕਰਦੇ ਹਾਂ ਕਿ ਜਦੋਂ ਵੀ ਉਹ ਇਟਲੀ ਆਉਣ ਤਾਂ ਇੱਥੋ ਦੇ ਕਾਨੂੰਨ ਦੀ ਪਾਲਣਾ ਜ਼ਰੂਰ ਕਰਨ ਕਿਉਂਕਿ ਪਹਿਲਾਂ ਦੋ ਭਾਰਤੀਆਂ ਨੂੰ ਜਨਤਕ ਥਾਂ ਉੱਤੇ ਪਿਸ਼ਾਬ ਕਰਨ ਲਈ 3333 ਯੂਰੋ ਦਾ ਜ਼ੁਰਮਾਨਾ ਭੁਗਤਣਾ ਪਿਆ ਸੀ।


author

Vandana

Content Editor

Related News