ਇਟਲੀ ''ਚ ਰਹਿੰਦੇ ਪੰਜਾਬੀ ਹੋ ਜਾਣ ਸਾਵਧਾਨ, ਸਰਕਾਰ ਵੱਲੋਂ ਇਹ ਨਿਯਮ ਲਾਗੂ
Thursday, Oct 08, 2020 - 12:12 AM (IST)

ਰੋਮ— ਇਟਲੀ 'ਚ ਹੁਣ ਹਰ ਜਨਤਕ ਥਾਂ, ਇੱਥੋਂ ਤੱਕ ਕਿ ਘਰੋਂ ਬਾਹਰ ਨਿਕਲਣ 'ਤੇ ਅਤੇ ਸਾਰੇ ਦਿਨ ਲਈ ਫੇਸ ਮਾਸਕ ਲਾਜ਼ਮੀ ਹੋ ਗਏ ਹਨ ਅਤੇ ਇਸ ਨਿਯਮ ਦੀ ਪਾਲਣਾ ਨਾ ਕਰਨ 'ਤੇ ਹੁਣ 1,000 ਯੂਰੋ ਯਾਨੀ 86,000 ਰੁਪਏ ਤੱਕ ਦਾ ਭਾਰੀ ਭਰਕਮ ਜੁਰਮਾਨਾ ਲੱਗ ਸਕਦਾ ਹੈ।
ਇਟਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਵਧਦੇ ਤਾਜ਼ਾ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਤੋਂ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਹੁਣ ਜਦੋਂ ਵੀ ਤੁਸੀਂ ਘਰੋਂ ਬਾਹਰ ਨਿਕਲੋਗੇ ਤਾਂ ਤੁਹਾਨੂੰ ਕਿਸੇ ਵੀ ਜਗ੍ਹਾ ਬਾਹਰ ਰਹਿਣ ਦੌਰਾਨ ਤੱਕ ਮਾਸਕ ਪਾਈ ਰੱਖਣਾ ਹੋਵੇਗਾ।
ਹੁਣ ਤੱਕ ਵੱਧ ਤੋਂ ਵੱਧ ਜੁਰਮਾਨਾ 400 ਯੂਰੋ ਸੀ, ਜਿਸ ਨੂੰ ਹੁਣ ਵਧਾ ਕੇ 1,000 ਯੂਰੋ ਕੀਤਾ ਜਾ ਚੁੱਕਾ ਹੈ। ਹਾਲਾਂਕਿ ਕੁਝ ਖੇਤਰਾਂ ਨੇ ਸਥਾਨਕ ਪੱਧਰ 'ਤੇ ਪਹਿਲਾਂ ਹੀ ਜੁਰਮਾਨਾ ਵਧਾ ਦਿੱਤਾ ਸੀ। ਕਾਰੋਬਾਰ ਜੋ ਆਪਣੇ ਇੱਥੇ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ 'ਚ ਫੇਲ੍ਹ ਹੋਣਗੇ ਉਨ੍ਹਾਂ 'ਤੇ 1,000 ਯੂਰੋ ਦੇ ਜੁਰਮਾਨੇ ਨਾਲ-ਨਾਲ 30 ਦਿਨਾਂ ਤੱਕ ਲਈ ਬੰਦ ਹੋਣ ਦਾ ਵੀ ਜੋਖਮ ਪੈਦਾ ਹੋ ਸਕਦਾ ਹੈ। ਇਟਲੀ ਦੀ ਸੰਸਦ ਵੱਲੋਂ ਬੁੱਧਵਾਰ ਨੂੰ ਮਨਜ਼ੂਰ ਕੀਤੇ ਗਏ ਨਵੇਂ ਨਿਯਮ ਵੀਰਵਾਰ ਤੋਂ ਪ੍ਰਭਾਵਸ਼ਾਲੀ ਹੋ ਜਾਣਗੇ। ਉੱਥੇ ਹੀ, ਲੋਕਾਂ ਨੂੰ ਇਹ ਹਦਾਇਤ ਵੀ ਦਿੱਤੀ ਗਈ ਹੈ ਕਿ ਉਹ ਪਰਿਵਾਰ ਤੋਂ ਬਾਹਰਲੇ ਕਿਸੇ ਰਿਸ਼ਤੇਦਾਰ ਜਾਂ ਦੋਸਤ-ਮਿੱਤਰਾਂ ਨੂੰ ਮਿਲਦੇ ਹਨ ਤਾਂ ਮਾਸਕ ਪਾਉਣ ਅਤੇ ਦੂਰੀ ਵੀ ਬਣਾ ਕੇ ਰੱਖਣ। ਜਨਤਕ ਸੜਕਾਂ 'ਤੇ ਲੋਕਾਂ ਨੂੰ ਟਹਿਲਦੇ ਸਮੇਂ ਹੁਣ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਉੱਥੇ ਹੀ, 6 ਸਾਲ ਤੋਂ ਛੋਟੇ ਬੱਚੇ ਅਤੇ ਉਹ ਲੋਕ ਜੋ ਮੈਡੀਕਲ ਕਾਰਨ ਇਹ ਨਹੀਂ ਪਾ ਸਕਦੇ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ।