ਇਟਲੀ 'ਚ ਮੈਡੀਕਲ ਸ਼੍ਰੇਣੀ ਦੀ ਪੰਜਾਬਣ ਸਿੱਖਿਆਰਥਣ ਨੇ 100/100 ਅੰਕ ਲੈ ਗੱਡੇ ਝੰਡੇ

Monday, Jun 29, 2020 - 01:15 PM (IST)

ਇਟਲੀ 'ਚ ਮੈਡੀਕਲ ਸ਼੍ਰੇਣੀ ਦੀ ਪੰਜਾਬਣ ਸਿੱਖਿਆਰਥਣ ਨੇ 100/100 ਅੰਕ ਲੈ ਗੱਡੇ ਝੰਡੇ

ਰੋਮ,( ਕੈਂਥ)- ਜਿਹੜੇ ਸੁਫ਼ਨੇ ਇਟਲੀ ਦੇ ਭਾਰਤੀ ਲੋਕਾਂ ਨੇ ਅੱਜ ਤੋਂ ਕਰੀਬ ਚਾਰ ਦਹਾਕੇ ਪਹਿਲਾਂ ਵੇਖੇ ਸਨ, ਹੁਣ ਉਨ੍ਹਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਟਲੀ ਵਿੱਚ ਭਾਰਤੀਆਂ ਨੇ ਆਪਣੇ-ਆਪ ਨੂੰ ਸਥਾਪਤ ਕਰਨ ਵਾਲੀ ਪੌੜੀ ਚੜ੍ਹਨਾ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਵਿਚੋਂ ਕੁਝ ਕੁ ਭਾਰਤੀ ਅਜਿਹੇ ਹਨ ਜਿਨ੍ਹਾਂ ਨੇ ਪੜ੍ਹਾਈ ਵਿੱਚ ਅਨੇਕਾਂ ਮੱਲਾਂ ਮਾਰੀਆਂ ਹਨ।

ਅਜਿਹੀ ਹੀ ਪੰਜਾਬ ਦੀ ਇੱਕ ਹੋਣਹਾਰ ਧੀ ਦਾ ਨਾਮ ਹੈ- ਭਾਵਨਾ ਕਲੇਰ; ਜੋ ਇਟਲੀ ਦੇ ਜ਼ਿਲ੍ਹਾ ਵਿਰੋਨਾ ਦੇ ਸ਼ਹਿਰ ਆਰਕੋਲੇ ਵਿਚ ਆਪਣੇ ਪਿਤਾ ਨਰਿੰਦਰ ਕੁਮਾਰ ਅਤੇ ਮਾਤਾ ਸੁਨੀਤਾ ਰਾਣੀ ਨਾਲ ਰਹਿ ਰਹੀ ਹੈ, ਜਿਸ ਨੇ ਹਾਲ ਵਿਚ ਹੀ ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਸ਼ਹਿਰ ਲੋਨੀਗੋ ਤੋ ਮੈਡੀਕਲ ਡਿਪਲੋਮਾ ਵਿੱਚੋਂ 100 /100 ਅੰਕ ਹਾਸਿਲ ਕਰਕੇ ਇਟਲੀ 'ਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ। ਭਾਵਨਾ  ਨੇ ਆਪਣੇ ਬਾਬਲ ਦੀ ਪੱਗ ਦੀ ਸ਼ਾਨ ਨੂੰ ਵੀ ਮਾਣ ਬਖ਼ਸ਼ਿਆ ਹੈ।

ਭਾਵਨਾ ਕਲੇਰ ਨੇ ਦੱਸਿਆ ਕਿ ਇਹ ਡਿਪਲੋਮਾ 5 ਸਾਲਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਅਤੇ ਮਾਂ-ਬਾਪ ਵਲੋਂ ਦਿੱਤੇ ਉਤਸ਼ਾਹ ਕਾਰਨ ਹੀ ਨੇਪਰੇ ਚੜ੍ਹਿਆ ਹੈ। ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਮੁਹੱਲਾ ਬੂਟਾ ਮੰਡੀ ਨਾਲ ਜੁੜਿਆ ਹੈ, ਜਿਸ ਦੇ ਪਿਤਾ ਨਰਿੰਦਰ ਕੁਮਾਰ ਜੋ ਇਟਲੀ ਵਿਚ ਬੀਤੇ 25 ਸਾਲ ਤੋਂ ਰਹਿ ਰਹੇ ਹਨ । ਧੀ ਭਾਵਨਾ ਕਲੇਰ ਦੀਆਂ ਸ਼ਲਾਘਾਯੋਗ ਕਾਰਵਾਈਆਂ ਲਈ ਉਸ ਨੂੰ ਖਾਸ ਤੌਰ 'ਤੇ ਇਟਲੀ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ: ਬੀ.ਆਰ. ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਦੇ ਸਰਪ੍ਰਸਤ ਗਿਆਨ ਚੰਦ ਸੂਦ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸੂਦ ਨੇ ਕਿਹਾ ਕਿ ਬਾਬਾ ਸਾਹਿਬ ਨੇ ਜਿਹੜੇ ਅਧਿਕਾਰ ਸਾਨੂੰ ਆਪਾ ਵਾਰ ਲੈ ਕੇ ਦਿੱਤੇ ਉਹ ਸਾਡੇ ਲਈ ਸਾਰਥਕ ਤਦ ਹੀ ਹੋ ਸਕਦੇ ਹਨ ਜੇਕਰ ਅਸੀਂ ਆਪਣੀਆਂ ਧੀਆਂ ਨੂੰ ਭਾਵਨਾ ਕਲੇਰ ਵਾਂਗਰ ਪੜ੍ਹਾ-ਲਿਖਾ ਕੇ ਸਮਾਜ ਵਿੱਚ ਕਾਬਲ ਇਨਸਾਨ ਬਣਾਉਂਦੇ ਹਾਂ।ਸਾਡੇ ਬੱਚੇ ਚੰਗੇ ਸਮਾਜ ਦਾ ਭੱਵਿਖ ਹਨ।ਜਿਹਨਾਂ ਨੂੰ ਚੰਗੀ ਵਿੱਦਿਆ ਅਤੇ ਚੰਗੇ ਸੰਸਕਾਰ ਦੇਣੇ ਸਾਡਾ ਮੁੱਢਲਾ ਫਰਜ ਹੈ।


 


author

Lalita Mam

Content Editor

Related News