ਇਟਲੀ ਭੇਜਣ ਦੇ ਨਾਂ ''ਤੇ 60 ਲੱਖ ਰੁਪਏ ਠੱਗੇ, ਪੁਲਸ ਨੇ 2 ਪੰਜਾਬੀ ਕੀਤੇ ਡਿਪੋਰਟ
Thursday, Dec 10, 2020 - 02:34 PM (IST)
ਮਿਲਾਨ,( ਸਾਬੀ ਚੀਨੀਆ)- ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਕਈ ਪਰਿਵਾਰਾਂ ਦੀ ਆਰਥਿਕ ਬਰਬਾਦੀ ਦਾ ਕਾਰਨ ਤਾਂ ਬਣ ਹੀ ਚੁੱਕਾ ਹੈ ਸਗੋਂ ਕਈਆਂ ਨੂੰ ਲੱਖਾਂ ਰੁਪਏ ਦੀ ਠੱਗੀ ਹੋ ਜਾਣ ਅਤੇ ਧੋਖਾਧੜੀ ਦੇ ਮਾਮਲਿਆਂ ਕਾਰਨ ਜੇਲ੍ਹਾਂ ਵਿਚ ਵੀ ਰੁਲਣਾ ਪੈ ਰਿਹਾ ਹੈ। ਅਜਿਹਾ ਹੀ ਇਕ ਭਾਣਾ ਵਾਪਰਿਆ ਹੈ ਜਾਅਲੀ ਵੀਜ਼ਿਆਂ 'ਤੇ ਇਟਲੀ ਗਏ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਪੰਜਾਬੀ ਨੌਜਵਾਨਾਂ ਦੇ ਨਾਲ, ਜਿਨ੍ਹਾਂ ਦੇ ਪਾਸਪੋਰਟਾਂ 'ਤੇ ਲੱਗੇ ਵੀਜ਼ੇ ਜਾਅਲੀ ਹੋਣ ਕਾਰਨ ਇਟਲੀ ਬਾਰਡਰ ਪੁਲਸ ਨੇ ਉਨ੍ਹਾਂ ਨੂੰ ਰੋਮ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਤਿਹਾੜ ਜੇਲ੍ਹ ਭੇਜ ਦਿੱਤਾ ਸੀ।
ਇਟਲੀ ਤੋਂ ਡਿਪੋਰਟ ਹੋਏ ਦੋਹਾਂ ਨੌਜਵਾਨਾਂ ਨੇ ਦਿੱਲੀ ਏਅਰਪੋਰਟ 'ਤੇ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਦੀ ਇਟਲੀ ਵਿਚ ਇਕ ਏਜੰਟ ਨਾਲ 6 ਲੱਖ ਵਿਚ ਇਟਲੀ ਪਹੁੰਚਾਉਣ ਦੀ ਗੱਲ ਹੋਈ ਸੀ ਅਤੇ ਉਨ੍ਹਾਂ ਆਪਣੇ ਵਾਅਦੇ ਮੁਤਾਬਕ ਵੀਜ਼ਾ ਲੱਗਣ 'ਤੇ ਏਜੰਟ ਨੂੰ ਛੇ-ਛੇ ਲੱਖ ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ ਪਰ ਇਟਲੀ ਪਹੁੰਚਣ ਅਤੇ ਇਮੀਗ੍ਰੇਸ਼ਨ ਪੁਲਸ ਨੇ ਪਾਸਪੋਰਟ ਦੇ ਲੱਗੇ ਵੀਜ਼ੇ ਨੂੰ ਜਾਅਲੀ ਕਰਾਰ ਦੇ ਕੇ ਉਨ੍ਹਾਂ ਨੂੰ ਵਾਪਸ ਡਿਪੋਰਟ ਕਰ ਦਿੱਤਾ।
ਇਸ ਮਾਮਲੇ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਇਟਲੀ ਰਹਿੰਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਪੱਕੇ ਪੇਪਰਾਂ ਰਾਹੀਂ ਇਟਲੀ ਸੱਦਣ ਲਈ ਏਜੰਟ ਨਾਲ ਗੱਲਬਾਤ ਕੀਤੀ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਨਾਲ ਧੋਖਾ ਹੋ ਗਿਆ। ਮਾਮਲੇ ਦੀ ਤਫ਼ਤੀਸ਼ ਕਰਨ 'ਤੇ ਪਤਾ ਲੱਗਾ ਕਿ ਇਟਲੀ ਰਹਿੰਦੇ ਆਪਣੇ ਇਕ ਸਹਿਯੋਗੀ ਦੀ ਮਦਦ ਦੇ ਨਾਲ ਦਿੱਲੀ ਦੇ ਇਕ ਟ੍ਰੈਵਲ ਏਜੰਟ ਵੱਲੋਂ 10 ਤੋਂ 12 ਪੰਜਾਬੀ ਨੌਜਵਾਨਾਂ ਕੋਲੋਂ ਛੇ-ਛੇ ਲੱਖ ਰੁਪਿਆ ਕਰਕੇ 60 ਲੱਖ ਦੇ ਕਰੀਬ ਰੁਪਿਆ ਠੱਗਿਆ ਗਿਆ ਹੈ ।