ਇਟਲੀ ਪੁਲਸ ਸਟੇਸ਼ਨ ''ਤੇ ਹਮਲਾ, ਦੋ ਪੁਲਸ ਕਰਮਚਾਰੀਆਂ ਦੀ ਮੌਤ ਤੇ 3 ਜ਼ਖਮੀ
Saturday, Oct 05, 2019 - 02:06 PM (IST)

ਰੋਮ, (ਕੈਂਥ)— ਇਟਲੀ ਦੇ ਸ਼ਹਿਰ ਤ੍ਰੇਏਸਤੇ ਦੀ ਪੁਲਸ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਸ਼ਹਿਰ ਦੇ ਕੇਂਦਰੀ ਪੁਲਸ ਸਟੇਸ਼ਨ ਵਿਖੇ ਦੋ ਵਿਦੇਸ਼ੀਆਂ ਨੇ ਚਿੱਟੇ ਦਿਨ ਦੋ ਪੁਲਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਕਿ ਇਸ ਹਮਲੇ ਵਿੱਚ ਕੁਝ ਮੁਲਾਜ਼ਮ ਜਖ਼ਮੀ ਵੀ ਹਨ। ਮਿਲੀ ਜਾਣਕਾਰੀ ਅਨੁਸਾਰ ਤ੍ਰੇਏਸਤੇ ਪੁਲਸ ਨੇ ਦੋਮੀਨੀਕਨ ਰੀਪਬਲਿਕ ਮੂਲ ਦੇ ਦੋ ਸਕੇ ਭਰਾਵਾਂ ਨੂੰ ਸਕੂਟਰ ਚੋਰੀ ਦੇ ਅਪਰਾਧ ਤਹਿਤ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਸੀ ।ਪੁੱਛ-ਗਿੱਛ ਦੌਰਾਨ ਇੱਕ ਭਰਾ ਬਾਥਰੂਮ ਜਾਣ ਦਾ ਕਹਿ ਕੇ ਗਿਆ ਤਾਂ ਛੋਟੇ ਭਰਾ ਨੇ ਇੱਕ ਪੁਲਸ ਮੁਲਾਜ਼ਮ ਦੀ ਪਿਸਤੌਲ ਖੋਹ ਕੇ ਹਮਲਾ ਕਰ ਦਿੱਤਾ, ਜਿਸ ਵਿੱਚ 5 ਪੁਲਸ ਮੁਲਾਜ਼ਮ ਗੰਭੀਰ ਜਖ਼ਮੀ ਹੋ ਗਏ। ਪੁਲਸ ਨੇ ਕਾਫ਼ੀ ਨੱਠ-ਭੱਜ ਦੇ ਦੋਹਾਂ ਭਰਾਵਾਂ ਨੂੰ ਕਾਬੂ ਕਰ ਲਿਆ ਤੇ ਇਸ ਕਾਰਵਾਈ ਵਿੱਚ ਇੱਕ ਹਮਲਾਵਾਰ ਵੀ ਜਖ਼ਮੀ ਹੋ ਗਿਆ।
ਜ਼ਖਮੀ ਪੁਲਸ ਕਰਮਚਾਰੀਆਂ ਨੂੰ ਜਲਦੀ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਦੋ ਮੁਲਾਜ਼ਮਾਂ ਨੇ ਦਮ ਤੋੜ ਦਿੱਤਾ ਜਦੋਂ ਕਿ ਬਾਕੀ ਤਿੰਨ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਮਰਨ ਵਾਲੇ ਪੁਲਸ ਮੁਲਾਜ਼ਮ ਦੀ ਪਛਾਣ ਪੇਇਲੂਜੀ ਰੋਤਾ (34) ਵਜੋਂ ਹੋਈ ਜੋ ਕਿ ਇੱਕ ਪੁਲਸ ਮੁਲਾਜਮ ਦਾ ਪੁੱਤਰ ਸੀ ਤੇ ਦੂਜਾ ਮਤੇਓ ਦੀ ਮੇਨੇਗੋ ਵਜੋਂ ਹੋਈ। ਇਸ ਹਮਲੇ ਦੀ ਇਟਲੀ ਦੇ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਨੇ ਨਿੰਦਿਆ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਇਟਲੀ ਦੇ ਗ੍ਰਹਿ ਮੰਤਰੀ ਮੈਡਮ ਲੁਚਾਨਾ ਮੌਰਜੇਸੇ ਆਪ ਘਟਨਾ ਸਥਲ ਦਾ ਜਾਇਜ਼ਾ ਲੈਣ ਪਹੁੰਚੇ।