ਇਟਲੀ ਪੁਲਸ ਨੇ ਨਾਈਟ ਕਲੱਬਾਂ ''ਤੇ ਕੱਸਿਆ ਸ਼ਿਕੰਜਾ

12/10/2018 9:04:36 AM

ਮਿਲਾਨ, (ਸਾਬੀ ਚੀਨੀਆ)— ਇਟਲੀ 'ਚ ਬੀਤੇ ਦਿਨ ਇਕ ਨਾਈਟ ਕਲੱਬ 'ਚ ਸ਼ੋਅ ਦੌਰਾਨ ਭਾਜੜ ਮਚ ਜਾਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਹੁਣ ਪੁਲਸ ਪ੍ਰਸ਼ਾਸ਼ਨ ਨੇ ਸਖਤੀ ਵਰਤਦਿਆਂ ਇੱਥੋਂ ਦੇ ਦੋ ਡਿਸਕੋ ਕਲੱਬਾਂ ਨੂੰ ਬੰਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਕਲੱਬਾਂ 'ਚ ਡਾਂਸ ਹਾਲ ਦੀ ਸਮਰੱਥਾ ਤੋਂ ਜ਼ਿਆਦਾ ਮੁੰਡੇ-ਕੁੜੀਆਂ ਆਉਂਦੇ ਸਨ। ਪੁਲਸ ਨੇ ਕੱਲ ਸਲੇਰੋਨੇ ਸ਼ਹਿਰ ਦੇ ਇਨ੍ਹਾਂ ਕਲੱਬਾਂ 'ਤੇ ਰੇਡ ਕੀਤੀ ਤਾਂ ਉੱਥੇ ਸਮੱਰਥਾ ਤੋਂ ਵੱਧ ਵਿਅਕਤੀ ਪਾਏ ਗਏ ਜਿਸ ਕਾਰਨ ਪੁਲਸ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਸੀਲ ਕਰ ਦਿੱਤਾ ਅਤੇ ਮਾਲਕਾਂ ਨੂੰ 18,000 ਹਜ਼ਾਰ ਯੂਰੋ ਦਾ ਜ਼ੁਰਮਾਨਾ ਵੀ ਕੀਤਾ।

ਉੱਧਰ ਦੂਜੇ ਪਾਸੇ ਪੁਲਸ ਨੇ ਉਸ ਨੌਜਵਾਨ ਦੀ ਸ਼ਨਾਖਤ ਕਰ ਲਈ ਹੈ, ਜਿਸ ਨੇ ਬੀਤੇ ਦਿਨ ਅਨਕੋਨਾ ਵਿਖੇ ਨਾਈਟ ਕਲੱਬ 'ਚ ਸ਼ੋਅ ਦੌਰਾਨ ਰਸਾਇਣਕ ਸਪਰੇਅ ਕੀਤੀ ਸੀ ।ਇਸ ਸਪਰੇਅ ਕਾਰਨ ਲੋਕਾਂ ਦਾ ਸਾਹ ਘੁੱਟ ਹੋਣ ਲੱਗ ਗਿਆ ਤੇ ਭਾਜੜ ਮਚ ਗਈ। ਇਸ ਦੌਰਾਨ 6 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਇਸ ਡਿਸਕੋ ਕਲੱਬ ਦੇ ਮਾਲਕ ਨੂੰ ਵੀ ਦੋਸ਼ੀ ਪਾਇਆ ਹੈ ਕਿਉਂਕਿ ਇੱਥੇ ਵੀ ਸ਼ੋਅ ਦੌਰਾਨ 1300 ਟਿਕਟਾਂ ਵੇਚੀਆਂ ਗਈਆਂ ਸਨ ਜਦੋਂ ਕਿ ਡਿਸਕੋ ਹਾਲ ਦੀ ਸਮਰੱਥਾ ਕੇਵਲ 800 ਵਿਅਕਤੀਆਂ ਦੀ ਸੀ। ਇਸ ਤਰ੍ਹਾਂ 500 ਵਿਅਕਤੀ ਵਧੇਰੇ ਦਾਖਲ ਕਰਨ ਦੇ ਦੋਸ਼ 'ਚ ਉਕਤ ਡਿਸਕੋ ਮਾਲਕ ਨੂੰ ਵੀ ਜ਼ੁਰਮਾਨਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਟਲੀ 'ਚ ਡਿਸਕੋ ਸੱਭਿਆਚਾਰ ਜ਼ੋਰਾਂ-ਸ਼ੋਰਾਂ 'ਤੇ ਚੱਲਦਾ ਹੈ। ਇੱਥੇ ਮੁੰਡੇ-ਕੁੜੀਆਂ ਡਾਂਸ ਅਤੇ ਮਨੋਰੰਜਨ ਕਰਨ ਲਈ ਵੱਡੀ ਤਦਾਦ 'ਚ ਡਿਸਕੋ ਕਲੱਬਾਂ 'ਚ ਜਾਂਦੇ ਹਨ।


Related News