ਇਟਲੀ 'ਚ ਕਰਮਜੀਤ ਮਾਹਲ ਤੇ ਤਰਨਵੀਰ ਸਿੰਘ ਨੇ ਪੜ੍ਹਾਈ 'ਚ ਗੱਡੇ ਝੰਡੇ, ਵਧਾਇਆ ਦੇਸ਼ ਦਾ ਮਾਣ

07/31/2021 5:31:41 PM

ਰੋਮ(ਕੈਂਥ)- ਜਿੱਥੇ ਵਿਦੇਸ਼ਾਂ ਦੀ ਧਰਤੀ 'ਤੇ ਰੋਜ਼ੀ-ਰੋਟੀ ਕਮਾਉਣ ਲਈ ਪੰਜਾਬੀ ਅਣਥਕ ਮਿਹਨਤ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬੀ ਬੱਚੇ ਵੀ ਹਰ ਖੇਤਰ ਵਿਚ ਆਏ ਦਿਨੀਂ ਮੱਲਾਂ ਮਾਰਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਇਟਲੀ ਦੇ ਸ਼ਹਿਰ ਪਰਾਤੋ ਵਿਖੇ ਪੰਜਾਬੀ ਪਰਿਵਾਰ ਦੇ ਪੁੱਤਰ ਕਰਮਜੀਤ ਮਾਹਲ ਨੇ ਇੰਗਲੈਂਡ ਦੀ ਧਰਤੀ 'ਤੇ ਕੁਈਨ ਮੈਰੀ ਯੂਨੀਵਰਸਿਟੀ ਆਫ ਲੰਡਨ ਵਿਚ ਬੈਚਲਰ ਆਫ ਇੰਜਨੀਅਰਿੰਗ ਵਿਦ ਓਨਰਸ ਦੀ ਡਿਗਰੀ ਪਹਿਲੇ ਦਰਜੇ ਨਾਲ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਮ ਉੱਚਾ ਕੀਤਾ ਹੈ, ਉੱਥੇ ਸਾਰੇ ਪੰਜਾਬੀ ਭਾਈਚਾਰੇ ਦਾ ਵੀ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ: ਸਾਵਧਾਨ; ਚੇਚਕ ਵਾਂਗ ਆਸਾਨੀ ਨਾਲ ਫੈਲ ਸਕਦੀ ਹੈ ਕੋਰੋਨਾ ਦੀ ਡੈਲਟਾ ਕਿਸ

ਕਰਮਜੀਤ ਮਾਹਲ ਨਵੰਬਰ 2014 ਵਿਚ ਆਪਣੇ ਪਿਤਾ ਸੁਖਦੇਵ ਸਿੰਘ ਤੇ ਛੋਟੇ ਵੀਰ ਕੋਮਲ ਮਾਹਲ ਦੇ ਨਾਲ ਇੰਗਲੈਂਡ ਵਿਚ ਪੜ੍ਹਾਈ ਕਰਨ ਲਈ ਗਿਆ ਸੀ ਅਤੇ 15 ਜੁਲਾਈ 2021 ਵਿਚ ਉਸਨੇ ਇਹ ਡਿਗਰੀ ਹਾਸਲ ਕੀਤੀ। ਇਸ ਤੋਂ ਇਲਾਵਾ ਕਰਮਜੀਤ ਮਾਹਲ ਨੇ ਇਲੈਕਟਰੋਨਿਕ ਇੰਜਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿਚ ਆਖ਼ਰੀ ਸਾਲ ਵਿਚ ਐਕਸਟਰਾ ਐਵਾਰਡ ਪ੍ਰਾਪਤ ਕੀਤਾ ਹੈ। ਕਰਮਜੀਤ ਮਾਹਲ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾ ਸ਼ਹਿਰ) ਦੇ ਪਿੰਡ ਮਹਿਲ ਗਹਿਲਾ ਦੇ ਨਾਲ ਸੰਬੰਧਿਤ ਹੈ। ਉਸ ਦੇ ਮਾਤਾ ਕਮਲਜੀਤ ਕੌਰ ਅਤੇ ਪਿਤਾ ਸੁਖਦੇਵ ਸਿੰਘ ਨੇ ਪ੍ਰੈੱਸ ਨਾਲ ਖੁਸ਼ੀ ਸਾਂਝੀ ਕਰਦਿਆ ਕਿਹਾ ਕਿ ਅੱਜ ਉਨ੍ਹਾਂ ਦੇ ਪੁੱਤਰ ਦੀ ਮਿਹਨਤ ਨੇ ਸਾਡਾ ਪੰਜਾਬੀ ਭਾਈਚਾਰੇ ਵਿਚ ਜਿੱਥੇ ਸਿਰ ਉੱਚਾ ਕੀਤਾ ਹੈ, ਉੱਥੇ ਹੀ ਇਕ ਹੋਣਹਾਰ ਪੁੱਤਰ ਹੋਣ ਦਾ ਵੀ ਫ਼ਰਜ਼ ਅਦਾ ਕੀਤਾ ਹੈ। ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਮਾਤਾ-ਪਿਤਾ ਨੇ ਹੋਰ ਬੱਚਿਆਂ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਪ੍ਰਦੇਸਾਂ ਵਿਚ ਅੱਗੇ ਵਧਣ ਦੀ ਵੀ ਅਪੀਲ ਕੀਤੀ। ਸਾਰੇ ਪਰਿਵਾਰ ਨੂੰ ਪੁੱਤਰ ਦੀ ਇਸ ਕਾਮਯਾਬੀ 'ਤੇ ਸਾਰੇ ਰਿਸ਼ਤੇਦਾਰਾਂ ਅਤੇ ਪੰਜਾਬੀ ਭਾਈਚਾਰੇ ਵਲੋਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਅਫਗਾਨਿਸਤਾਨ ’ਚ ਤਾਲਿਬਾਨ ਰਾਜ ਦੀ ਵਾਪਸੀ ਨਾਲ ਭਾਰਤ ’ਤੇ ਹਮਲਿਆਂ ਦੀ ਆਹਟ

ਇਸੇ ਤਰ੍ਹਾਂ ਹੀ ਇਟਲੀ ਦੇ ਵਿਚ ਵੀ ਜ਼ਿਲ੍ਹਾ ਬਰੇਸ਼ੀਆ ਦੇ ਪਿੰਡ ਕਸਤਲਨੇਦਲੋ ਦੇ ਰਹਿਣ ਵਾਲੇ ਤਰਨਵੀਰ ਸਿੰਘ ਨੇ ਵੀ ਇੰਨਜੇਨਰੀਆ ਮੇਕਾਨੀਕਾ ਏ ਦੇਈ ਮਾਤੇਰੀਆਲੇ ਦੇ ਵਿਚ ਪਹਿਲੇ ਦਰਜੇ ਨਾਲ ਡਿਗਰੀ ਪ੍ਰਾਪਤ ਕਰਕੇ ਆਪਣਾ ਯੋਗਦਾਨ ਪਾਇਆ ਹੈ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਤਰਨਵੀਰ ਸਿੰਘ ਨੇ ਦੱਸਿਆ ਕਿ ਉਹ ਇਟਲੀ ਵਿਚ ਆਪਣੇ ਪਿਤਾ ਮੋਹਿੰਦਰ ਸਿੰਘ, ਮਾਤਾ ਮਲਕੀਅਤ ਕੌਰ , ਭਰਾ ਜਸਵੀਰ ਸਿੰਘ ਤੇ ਭੈਣ ਬਲਵੀਰ ਕੌਰ ਦੇ ਨਾਲ ਰਹਿ ਰਿਹਾ ਹੈ।

ਉਸ ਨੇ ਦੱਸਿਆ ਕਿ ਉਹ ਇਟਲੀ ਦਾ ਹੀ ਜੰਮਪਲ ਹੈ ਤੇ ਉਸ ਨੇ ਇਹ ਡਿਗਰੀ ਯੂਨੀਵਰਸਿਟੀ ਦੈਲੀ ਸਤੂਦੀ ਦੀ ਬਰੇਸ਼ੀਆ ਵਿਚੋਂ ਹਾਸਲ ਕੀਤੀ। ਵਿਦਿਆਰਥੀ ਦੇ ਨਾਲ-ਨਾਲ ਉਹ ਲਾਈਨਸ ਆਫ ਪੰਜਾਬ ਆਜੋਲਾ ਦੀ ਟੀਮ ਦਾ ਖਿਡਾਰੀ ਵੀ ਹੈ। ਪੰਜਾਬ ਤੋਂ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖਾਨਪੁਰ ਦਾ ਵਸਨੀਕ ਹੈ। ਮਾਪਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਰਾ ਸਿਹਰਾ ਵਾਹਿਗੁਰੂ ਨੂੰ ਦਿੰਦਿਆ ਕਿਹਾ ਕਿ ਮਾਤਾ-ਪਿਤਾ ਦੀ ਪਰਵਰਿਸ਼ ਉਦੋਂ ਹੀ ਸਫ਼ਲ ਹੁੰਦੀ ਹੈ, ਜਦੋਂ ਉਨ੍ਹਾਂ ਦੇ ਬੱਚੇ ਹੋਣਹਾਰ ਨਿਕਲਣ। ਉਹਨਾਂ ਦੇ ਬੱਚੇ ਨੇ ਮਾਤਾ-ਪਿਤਾ ਦਾ ਹੀ ਨਹੀ, ਸਗੋਂ ਇਟਲੀ ਦੀ ਧਰਤੀ 'ਤੇ ਸਾਰੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਕਰ ਨਾਲ ਉੱਚਾ ਕੀਤਾ ਹੈ।

ਇਹ ਵੀ ਪੜ੍ਹੋ: ਯੂਥ ਓਲੰਪਿਕਸ ਵਿਚ ਤਮਗਾ ਜਿੱਤਣ ਵਾਲੀ 19 ਸਾਲਾ ਖਿਡਾਰਣ ਦੇ ਸਿਰ ’ਤੇ ਵੱਜਾ ਹਥੌੜਾ, ਹੋਈ ਬੇਦਰਦ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News