ਇਟਲੀ ਦੇ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਮਨਾਇਆ ਗਿਆ ਗੁਰਪੁਰਬ
Wednesday, Dec 09, 2020 - 12:15 PM (IST)
ਰੋਮ, (ਕੈਂਥ)- ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਵਸ ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਇਸ ਮੌਕੇ ਅੰਮ੍ਰਿਤਬਾਣੀ ਦੇ ਆਰੰਭੇ ਸ਼੍ਰੀ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਦੀਵਾਨਾਂ ਵਿਚ ਗੁਰੂਘਰ ਦੇ ਕੀਰਤਨੀ ਭਾਈ ਅਮਰੀਕ ਸਿੰਘ ਸਾਬੋਤੀਨਾ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੁਆਰਾ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ। ਦੀਵਾਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਅਜੀਤਪਾਲ ਸਿੰਘ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਉਪਦੇਸ਼ ਸੰਗਤ ਨਾਲ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਕਾਇਨਾਤ ਨੂੰ ਜਿੱਥੇ ਅਕਾਲ ਪੁਰਖ ਦੀ ਭਗਤੀ ਤੇ ਉਸਤਤ ਕਰਨ ਲਈ ਪ੍ਰੇਰਿਆ ਉੱਥੇ ਹੀ ਸਭ ਸੰਗਤ ਨੂੰ ਕਿਰਤ ਕਰਨ ਤੇ ਵੰਡ ਛੱਕਣ ਲਈ ਵੀ ਕਿਹਾ।
ਗੁਰੂ ਸਾਹਿਬ ਨੇ ਆਪਣੀਆਂ ਚਾਰ ਉਦਾਸੀਆਂ ਰਾਹੀ ਸਮਾਜ ਨੂੰ ਸਾਂਝੀਵਾਲਤਾ ਤੇ ਰੱਬ ਇੱਕ ਹੈ ਦਾ ਉਪਦੇਸ਼ ਦਿੱਤਾ।ਸਭ ਸੰਗਤ ਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲ ਕੇ ਆਪਣਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ। ਇਸ ਪ੍ਰਕਾਸ਼ ਦਿਵਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਆਸਰਾ ਲਾਲੀ ਨੇ ਗੁਰਦੁਆਰਾ ਸਾਹਿਬ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈਆਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਮਨੁੱਖਤਾ ਦਾ ਭਲਾ ਕਰਦਿਆਂ ਲੰਘਾਈ। ਅਜਿਹੇ ਰਹਿਬਰ ਜਗ ਤਾਰਨ ਆਉਂਦੇ ਹਨ ਜਿਹਨਾਂ ਦੀ ਰਚਿਤ ਬਾਣੀ ਸੱਚ ਦਾ ਉਪਦੇਸ਼ ਦਿੰਦੀ ਹੈ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਵਿਚ ਪੰਜਾਬ ਦੇ ਕਿਸਾਨਾਂ ਨਾਲ ਜੋ ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਬਣਾਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਦੇ ਕਿਸਾਨ ਮਜ਼ਦੂਰ ਏਕਤਾ ਨਾਲ ਹਨ ਤੇ ਉਹਨਾਂ ਦੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦੇ ਹਨ।