ਇਟਲੀ 'ਚ ਕੋਰੋਨਾਵਾਇਰਸ ਨਾਲ ਚੌਥੀ ਮੌਤ

Monday, Feb 24, 2020 - 03:16 PM (IST)

ਇਟਲੀ 'ਚ ਕੋਰੋਨਾਵਾਇਰਸ ਨਾਲ ਚੌਥੀ ਮੌਤ

ਰੋਮ (ਭਾਸ਼ਾ): ਇਟਲੀ ਨੇ ਸੋਮਵਾਰ ਨੂੰ ਕੋਰੋਨਾਵਾਇਰਸ ਨਾਲ ਚੌਥੀ ਮੌਤ ਹੋਣ ਦੀ ਜਾਣਕਾਰੀ ਦਿੱਤੀ। ਇਹ ਮਾਮਲਾ ਉੱਤਰੀ ਲੋਮਬਾਰਡੀ ਖੇਤਰ ਦਾ ਹੈ ਜਿੱਤੇ 84 ਸਾਲਾ ਵਿਅਕਤੀ ਇਸ ਵਾਇਰਸ ਦੀ ਚਪੇਟ ਵਿਚ ਆ ਗਿਆ। ਦੇਸ਼ ਵਿਚ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖੇਤਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਇਹ ਲੋਮਬਾਰਡੀ ਵਿਚ ਤੀਜੀ ਮੌਤ ਹੈ ਜਿੱਥੇ ਬੀਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਪਿੰਡਾਂ ਵਿਚ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਸੁਰੱਖਿਆ ਉਪਾਅ ਲਾਗੂ ਹਨ।

ਪ੍ਰਧਾਨ ਮੰਤਰੀ ਜੁਜੇਪੇ ਕੋਂਤੇ ਨੇ ਕਿਹਾ ਕਿ ਵਾਇਰਸ ਦੇ ਪ੍ਰਕੋਪ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ ਲੋਕਾਂ ਨੂੰ ਹਫਤੇ ਤੱਕ ਘਰਾਂ ਵਿਚ ਬੰਦ ਰਹਿਣਾ ਪੈ ਸਕਦਾ ਹੈ। ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਏਂਜੇਲੋ ਬੋਰਰੇਲੀ ਨੇ ਐਤਵਾਰ ਨੂੰ ਕਿਹਾ ਸੀ ਕਿ ਦੇਸ਼ ਵਿਚ 150 ਤੋਂ ਜ਼ਿਆਦਾ ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਯੂਰਪ ਵਿਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਇਟਲੀ ਵਿਚ ਹੀ ਸਾਹਮਣੇ ਆਏ ਹਨ। ਲੋਮਬਾਰਦੀਆ ਵਿਚ 10 ਅਤੇ ਗੁਆਂਢ ਦੇ ਵੇਨੇਤੋ ਵਿਚ ਇਕ। ਕੁੱਲ 11 ਕਸਬਿਆਂ ਵਿਚ ਆਵਾਜਾਈ ਬੰਦ ਹੈ ਅਤੇ ਕਰੀਬ 50,000 ਵਸਨੀਕਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ। ਖੇਤਰੀ ਅਧਿਕਾਰੀਆਂ ਨੇ ਇਕੱਠੇ ਹੋਣ ਵਾਲੇ ਸਥਾਨਾਂ ਜਿਵੇਂ ਬਾਰ, ਰੈਸਟੋਰੈਂਟ ਅਤੇ ਡਿਸਕੋ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ।

ਉੱਧਰ ਚੀਨ ਦੇ ਬਾਅਦ ਦੱਖਣੀ ਕੋਰੀਆ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਣ ਵਾਲਾ ਦੂਜਾ ਵੱਡਾ ਦੇਸ਼ ਬਣਦਾ ਜਾ ਰਿਹਾ ਹੈ। ਇੱਥੇ ਹੁਣ ਤੱਕ ਇਸ ਜਾਨਲੇਵਾ ਵਾਇਰਸ ਦੇ 833 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਦੇ ਬਾਹਰ ਕਰੀਬ 25 ਤੋਂ ਵੱਧ ਦੇਸ਼ਾਂ ਵਿਚ ਫੈਲੇ ਇਸ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਕੁਵੈਤ, ਬਹਿਰੀਨ ਅਤੇ ਅਫਗਾਨਿਸਤਾਨ ਦੇ ਸਿਹਤ ਮੰਤਰਾਲਿਆਂ ਨੇ ਵੀ ਸੋਮਵਾਰ ਨੂੰ ਕੋਰੋਨਾਵਾਇਰਸ ਦੇ ਆਪਣੇ-ਆਪਣੇ ਇੱਥੇ ਪਹਿਲੇ ਮਾਮਲਿਆਂ ਦਾ ਐਲਾਨ ਕੀਤਾ।


author

Vandana

Content Editor

Related News