ਇਟਲੀ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖਬਰੀ, ਕੋਵੀਸ਼ੀਲਡ ਵੈਕਸੀਨ ਨੂੰ ਮਿਲੀ ਮਨਜ਼ੂਰੀ

Friday, Sep 24, 2021 - 05:42 PM (IST)

ਇਟਲੀ ਜਾਣ ਦੀ ਯੋਜਨਾ ਬਣਾ ਰਹੇ ਭਾਰਤੀਆਂ ਲਈ ਖ਼ੁਸ਼ਖਬਰੀ, ਕੋਵੀਸ਼ੀਲਡ ਵੈਕਸੀਨ ਨੂੰ ਮਿਲੀ ਮਨਜ਼ੂਰੀ

ਰੋਮ (ਦਲਵੀਰ ਕੈਂਥ) - ਇਟਲੀ ਸਰਕਾਰ ਨੇ ਭਾਰਤ ਵਿਚ ਬਣਾਈ ਗਈ ਕੋਵੀਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਭਾਰਤੀ ਅੰਬੈਂਸੀ ਰੋਮ ਨੇ ਸੋਸ਼ਲ ਮੀਡੀਆ ਰਾਹੀਂ ਨਸ਼ਰ ਕੀਤੀ ਹੈ, ਜਿਸ ਵਿਚ ਇਹ ਕਿਹਾ ਗਿਆ ਹੈ ਕਿ ਭਾਰਤ ਦੇ ਸਿਹਤ ਮੰਤਰੀ ਮਾਣਯੋਗ ਮਨਸੁਖ ਮੰਡਵੀਆ ਨੇ ਆਪਣੇ ਹਮਰੁਤਬਾ ਇਟਲੀ ਦੇ ਮਾਨਯੋਗ ਸਿਹਤ ਮੰਤਰੀ ਰੋਬੈਰਤੋ ਸਪੇਰੈਂਜਾ ਦੇ ਨਾਲ ਨਿਰੰਤਰ ਇਸ ਟੀਕੇ ਸੰਬਧੀ ਗੱਲਬਾਤ ਕੀਤੀ, ਜਿਸ ਨੂੰ ਇਟਲੀ ਸਰਕਾਰ ਨੇ ਪ੍ਰਵਾਨ ਕਰ ਲਿਆ ਹੈ।

ਇਹ ਵੀ ਪੜ੍ਹੋ: ਕੀ ਕੋਰੋਨਾ ਵਾਇਰਸ ਦਾ ਡੈਲਟਾ ਸਰੂਪ ਬੱਚਿਆਂ ਲਈ ਵਧੇਰੇ ਖ਼ਤਰਨਾਕ ਹੈ? ਜਾਣੋ ਮਾਹਰਾਂ ਦੀ ਰਾਏ

ਕੋਵੀਸ਼ੀਲਡ ਨੂੰ ਇਟਲੀ ਵਿਚ ਮਾਨਤਾ ਮਿਲਣ ਨਾਲ ਉਹਨਾਂ ਤਮਾਮ ਭਾਰਤੀਆਂ ਨੇ ਸੁੱਖ ਦਾ ਸਾਹ ਲਿਆ ਹੈ ਜਿਹੜੇ ਭਾਰਤ ਤੋਂ ਕੋਵਿਡ ਵੈਕਸੀਨ ਲਗਵਾ ਕੇ ਇਟਲੀ ਆਏ ਹਨ ਅਤੇ ਇੱਥੇ ਸਰਕਾਰ ਵੱਲੋਂ ਕੰਮਾਂ ਲਈ ਵੀ 15 ਅਕਤੂਬਰ ਤੋਂ ਗ੍ਰੀਨ ਪਾਸ ਲਾਜ਼ਮੀ ਕਰਨ ਨਾਲ ਕਾਫ਼ੀ ਪਰੇਸ਼ਾਨੀ ਦੇ ਦੌਰ ‘ਚੋ ਲੰਘ ਰਹੇ ਸਨ। ਕਈ ਵਿਚਾਰੇ ਤਾਂ ਇਟਲੀ ਵਿਚ ਐਂਟੀ ਕੋਵਿਡ-19 ਦੀ ਦੁਬਾਰਾ ਵੈਕਸੀਨ ਲਗਵਾ ਵੀ ਚੁੱਕੇ ਸਨ। ਇਟਲੀ ਸਰਕਾਰ ਨੇ ਕੋਵੀਸ਼ੀਲਡ ਨੂੰ ਮਾਨਤਾ ਦੇ ਕੇ ਇਟਲੀ ਆਉਣ ਵਾਲੇ ਭਾਰਤੀਆਂ ਦੀ ਵੱਡੀ ਪ੍ਰੇਸ਼ਾਨੀ ਨੂੰ ਹੱਲ ਕਰ ਦਿੱਤਾ ਹੈ, ਜਿਸ ਲਈ ਇਟਲੀ ਦਾ ਸਮੁੱਚਾ ਭਾਰਤੀ ਭਾਈਚਾਰਾ ਇਟਲੀ ਤੇ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਵੱਲੋਂ ਵੀ ਭਾਰਤੀ ਟੀਕੇ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ ਪਰ ਬ੍ਰਿਟੇਨ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਉੱਥੇ ਜਾਕੇ 14 ਦਿਨ ਲਈ ਇਕਾਂਤਵਾਸ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ: PM ਮੋਦੀ ਨਾਲ ਮੁਲਾਕਾਤ ’ਚ ਕਮਲਾ ਹੈਰਿਸ ਨੇ ਪਾਕਿਸਤਾਨ ਨੂੰ ਦੱਸਿਆ 'ਅੱਤਵਾਦੀਆਂ ਦਾ ਟਿਕਾਣਾ'

ਭਾਰਤੀ ਦੂਤਘਰ ਰੋਮ (ਇਟਲੀ) ਨੇ ਕਿਹਾ ਕਿ ਇਟਲੀ ਨੇ ਸੀਰਮ ਇੰਸਟੀਚਿਟ ਦੀ ਕੋਵੀਸ਼ੀਲਡ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ। ਦੂਤਘਰ ਨੇ ਇਕ ਟਵੀਟ ਵਿਚ ਕਿਹਾ, 'ਭਾਰਤੀ ਟੀਕਾ ਕਾਰਡ ਧਾਰਕ ਹੁਣ ਗ੍ਰੀਨ ਪਾਸ ਦੇ ਯੋਗ ਹਨ।' ਹੁਣ ਤੱਕ ਇਟਲੀ ਨੇ ਪਹਿਲਾਂ ਇਨ੍ਹਾਂ ਐਂਟੀ ਕੋਵਿਡ-19 ਟੀਕਿਆਂ-ਫਾਈਜ਼ਰ ਮੋਡਰਨਾ, ਵੈਕਸਜ਼ਰਵੇਰੀਆ- ਐਸਟਰਾਜ਼ੇਨੇਕਾ, ਅਤੇ ਜਾਨਸਨ (ਜਾਨਸਨ ਐਂਡ ਜਾਨਸਨ) ਨੂੰ ਪ੍ਰਮਾਣਿਤ ਕੀਤਾ ਹੋਇਆ ਸੀ ।ਹੁਣ ਭਾਰਤੀ ਕੋਵੀਸ਼ਿਲਡ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਵਿਚ ਬ੍ਰਿਟੇਨ, ਇਟਲੀ, ਆਸਟਰੀਆ, ਬੈਲਜੀਅਮ, ਬੁਲਗਾਰੀਆ, ਕ੍ਰੋਏਸ਼ੀਆ, ਫਿਨਲੈਂਡ, ਜਰਮਨੀ, ਗ੍ਰੀਸ, ਹੰਗਰੀ, ਆਈਸਲੈਂਡ, ਆਇਰਲੈਂਡ, ਲਾਤਵੀਆ, ਨੀਦਰਲੈਂਡਜ਼, ਰੋਮਾਨੀਆ, ਸਲੋਵੇਨੀਆ, ਸਪੇਨ, ਸਵੀਡਨ ਅਤੇ ਸਵਿਟਜ਼ਰਲੈਂਡ ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ: 27 ਤੋਂ ਸ਼ੁਰੂ ਹੋ ਸਕਦੀਆਂ ਹਨ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ

ਭਾਰਤ ਵਿਚ ਬ੍ਰਿਟਿਸ਼ ਹਾਈ ਕਮਿਸ਼ਨਰ ਅਲੈਕਸ ਐਲਿਸ ਨੇ ਕਿਹਾ, "ਅਸੀਂ ਸਪੱਸ਼ਟ ਹਾਂ ਕਿ ਕੋਵੀਸ਼ੀਲਡ ਵਿਚ ਕੋਈ ਸਮੱਸਿਆ ਨਹੀਂ ਹੈ। ਅਸੀਂ ਕੋਵਿਨ ਐਪ ਅਤੇ ਐੱਨ.ਐੱਚ.ਐੱਸ. ਐਪ ਦੇ ਨਿਰਮਾਤਾਵਾਂ ਨਾਲ, ਦੋਵਾਂ ਐਪਸ ਬਾਰੇ ਸਰਟੀਫਿਕੇਸ਼ਨ ਬਾਰੇ ਵਿਸਤ੍ਰਿਤ ਤਕਨੀਕੀ ਵਿਚਾਰ ਵਟਾਂਦਰੇ ਕਰ ਰਹੇ ਹਾਂ।' ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News