ਇਟਲੀ 'ਚ ਸਿਆਸੀ ਸੰਕਟ, ਗਠਜੋੜ ਵਾਲੀ ਕੋਂਤੇ ਸਰਕਾਰ ਡਿੱਗੀ

Thursday, Jan 14, 2021 - 10:01 PM (IST)

ਰੋਮ, (ਦਲਵੀਰ ਕੈਂਥ)- ਇਟਲੀ ਦੀ ਜੁਸੇਪੇ ਕੌਂਤੇ ਸਰਕਾਰ 5 ਸਤੰਬਰ, 2019 ਵਿਚ ਗਠਜੋੜ ਨਾਲ ਬਣੀ ਸੀ, ਅੱਜ ਡਿੱਗ ਗਈ। ਇਸ ਸਰਕਾਰ ਨੂੰ ਬਣਾਉਣ ਵਿਚ ਮੂਵਮੈਂਟ 5 ਸਤਾਰੇ ਪੀ. ਡੀ. ਅਤੇ ਲੇਗਾ ਪਾਰਟੀ ਨੇ ਹੋਰ ਪਾਰਟੀਆਂ ਨਾਲ ਗਠਜੋੜ ਕਰਕੇ ਅਹਿਮ ਭੂਮਿਕਾ ਨਿਭਾਈ ਸੀ। ਇਸ ਵਿਚ  ਇਤਾਲੀਆ ਵੀਵਾ ਪਾਰਟੀ ਦੀ ਤੇਰੇਸਾ ਬੈਲਾਨੋਵਾ ਨੂੰ ਖੇਤੀਬਾੜੀ, ਖ਼ੁਰਾਕ, ਵਣ ਵਿਭਾਗ ਤੇ ਸੈਰ ਸਪਾਟਾ ਮੰਤਰੀ ਬਣਾਇਆ ਗਿਆ ਸੀ। 

15 ਮਹੀਨੇ ਚੱਲੀ ਕੌਂਤੇ ਸਰਕਾਰ ਨੂੰ ਡੇਗਣ ਵਿਚ ਵੀਵਾ ਪਾਰਟੀ ਦੇ ਪ੍ਰਧਾਨ ਮਤੇਓ ਰੇਨਜ਼ੀ ਦਾ ਅਹਿਮ ਕਿਰਦਾਰ ਰਿਹਾ ਹੈ ਕਿਉਂਕਿ ਪ੍ਰਧਾਨ ਮੰਤਰੀ ਕੌਂਤੇ ਤੋਂ ਨਾਰਾਜ਼ ਰੇਨਜ਼ੀ ਨੇ ਅੱਜ ਚੈਂਬਰ ਵਿਚ ਆਪਣੇ ਹੋਰ ਸਾਥੀਆਂ ਸਣੇ ਅਸਤੀਫ਼ਾ ਦੇ ਦਿੱਤਾ। ਹਾਲਾਂਕਿ, ਪ੍ਰਧਾਨ ਮੰਤਰੀ ਕੌਂਤੇ ਨੇ ਆਪਣੇ ਵੱਲੋਂ ਕਾਫ਼ੀ ਜੱਦੋ-ਜਹਿਦ ਕੀਤੀ ਕਿ ਸਰਕਾਰ ਬਣੀ ਰਹੇ ਪਰ ਉਨ੍ਹਾਂ ਦੀ ਪੇਸ਼ ਨਾ ਚੱਲੀ ਤੇ ਪ੍ਰਧਾਨ ਮੰਤਰੀ ਨੂੰ ਰੇਨਜ਼ੀ ਤੇ ਉਨ੍ਹਾਂ ਦੇ ਸਾਥੀਆਂ ਦੇ ਅਸਤੀਫ਼ੇ ਮਨਜੂਰ ਕਰਨੇ ਪਏ । 


ਕੋਰੋਨਾ ਸੰਕਟ ਨੇ ਇਟਲੀ ਨੂੰ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ, ਅਜਿਹੇ ਸਮੇਂ ਵਿਚ ਸਰਕਾਰ ਦਾ ਡਿੱਗਣਾ ਦੇਸ਼ ਨੂੰ ਹੋਰ ਵੀ ਆਰਥਿਕ ਮੰਦਹਾਲੀ ਵੱਲ ਧੱਕ ਸਕਦਾ ਹੈ। ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਮੀਡੀਆ ਸਾਹਮਣੇ ਇਸ ਗੱਲ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਰੇਨਜ਼ੀ ਉਨ੍ਹਾਂ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਦੇ ਗਠਜੋੜ ਤੋਂ ਬਾਹਰ ਜਾਣਾ ਚਾਹੁੰਦੀ ਹੈ, ਜਿਸ ਕਾਰਨ ਸਥਿਤੀ ਕਾਫ਼ੀ ਤਣਾਅਪੂਰਨ ਸੀ ਪਰ ਉਹ ਆਪਣੇ ਵੱਲੋਂ ਸਰਕਾਰ ਨੂੰ ਬਚਾਉਣ ਵਿਚ ਲੱਗੇ ਹੋਏ ਸਨ।

ਜ਼ਿਕਰਯੋਗ ਹੈ ਕਿ ਯੂਨੀਅਨ ਵੱਲੋਂ ਇਟਲੀ ਨੂੰ ਕੋਵਿਡ-19 ਕਾਰਨ ਦਿੱਤੇ ਗਏ 222.9 ਬਿਲੀਅਨ ਯੂਰੋ ਨੂੰ ਖਰਚਣ ਦੀ ਯੋਜਨਾ ਬਣਾਉਣ ਸਮੇਂ ਹੀ ਵਿਵਾਦ ਖੜ੍ਹਾ ਹੋ ਗਿਆ ਸੀ । ਜੇਕਰ ਸਾਰੇ ਲੋਕ ਸਭਾ ਮੈਂਬਰਾਂ ਨੇ ਸੰਜੀਦਗੀ ਨਾ ਦਿਖਾਈ ਤਾਂ ਇਟਲੀ ਵਿਚ ਮੁੜ ਸਰਕਾਰ ਬਣਾਉਣ ਲਈ ਚੋਣਾਂ ਹੋ ਸਕਦੀਆਂ ਹਨ ਜਿਸ ਕਾਰਨ ਇਟਲੀ ਦੀ ਜਨਤਾ ਹੋਰ ਆਰਥਿਕ ਨੁਕਸਾਨ ਝੱਲਣ ਲਈ ਬੇਵੱਸ ਤੇ ਲਾਚਾਰ ਹੋਵੇਗੀ।
 


Sanjeev

Content Editor

Related News