ਇਟਲੀ : ਅੱਤ ਦੀ ਗਰਮੀ 'ਚ ਵੀ ਗੁਰੂ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਵਿਲੇਤਰੀ ਸ਼ਹਿਰ (ਤਸਵੀਰਾਂ)
Tuesday, May 24, 2022 - 02:52 PM (IST)
ਰੋਮ/ਇਟਲੀ (ਕੈਂਥ,ਚੀਨੀਆਂ): ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਰੋਮ ਦੇ ਨਜ਼ਦੀਕ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਵਿਲੇਤਰੀ ਵਿਖੇ ਸਜਾਇਆ ਗਿਆ।ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਤੇ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਨਗਰ ਕੀਰਤਨ ਵਿਲੇਤਰੀ ਸ਼ਹਿਰ ਤੋਂ ਆਰੰਭ ਹੋ ਕੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਮੁੜ ਆਰੰਭਤਾ ਵਾਲੇ ਸਥਾਨ 'ਤੇ ਆ ਕੇ ਸਮਾਪਤ ਹੋਇਆ।
ਅੱਤ ਦੀ ਗਰਮੀ ਵਿੱਚ ਵੀ ਸੰਗਤਾਂ ਦਾ ਗੂਰੂ ਸਾਹਿਬ ਜੀ ਲਈ ਅਥਾਹ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਤਪਦੀ ਦੁਪਹਿਰ ਵੇਲੇ ਸੰਗਤਾਂ ਵਲੋਂ ਨਗਰ ਕੀਰਤਨ ਦੇ ਨਾਲ-ਨਾਲ ਪ੍ਰਕਰਮਾ ਕਰਕੇ ਅਤੇ ਗੁਰਬਾਣੀ ਸ਼ਬਦਾਂ ਦਾ ਗੁਣਗਾਨ ਕਰਕੇ ਗੁਰੂ ਦੇ ਜੈਕਾਰੇ 'ਬੋਲੇ ਸੋ ਨਿਹਾਲ', 'ਸਤਿ ਸ੍ਰੀ ਅਕਾਲ' ਨਾਲ ਵਿਲੇਤਰੀ ਨੂੰ ਗੂੰਜਣ ਲੱਗਾ ਦਿੱਤਾ ਤੇ ਨਗਰ ਕੀਰਤਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਖੁਸ਼ੀਆਂ ਪ੍ਰਾਪਤ ਕੀਤੀਆਂ।ਇਸ ਨਗਰ ਕੀਰਤਨ ਵਿੱਚ ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਲਵੀਰ ਸਿੰਘ ਵਲੋਂ ਕਥਾ ਕੀਰਤਨ ਅਤੇ ਭਾਈ ਅਜੀਤ ਸਿੰਘ ਥਿੰਦ ਦੇ ਕਵੀਸ਼ਰੀ ਜਥੇ ਵਲੋਂ ਇੱਕਤਰ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਵਿਦੇਸ਼ੀ ਨਰਸਾਂ ਲਈ ਫਾਸਟ-ਟਰੈਕ ਨਾਗਰਿਕਤਾ ਦੀ ਕਰੇਗਾ ਪਹਿਲ
ਇਸ ਮੌਕੇ ਸਮੂਹ ਸੰਗਤਾਂ ਲਈ ਵੱਖ ਵੱਖ ਗੁਰਦੁਆਰਿਆਂ ਅਤੇ ਕਾਰੋਬਾਰੀ ਅਦਾਰਿਆਂ ਵਲੋਂ ਵੱਖ-ਵੱਖ ਪ੍ਰਕਾਰ ਦੇ ਗੁਰੂ ਕੇ ਲੰਗਰਾਂ ਦੇ ਸਟਾਲ ਲਗਾਏ ਗਏ ਸਨ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਨਗਰ ਕੀਰਤਨ ਵਿੱਚ ਸੇਵਾਵਾਂ ਕਰਨ ਵਾਲੀਆ ਸੰਗਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੂਰੋਂ ਨੇੜਿਓਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਜਿਵੇਂ ਜਿਵੇਂ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਵਾਲੇ ਵਾਹਣ ਨਾਲ ਨਾਲ ਪ੍ਰਕਰਮਾ ਕੀਤੀ ਜਾ ਰਹੀ ਸੀ, ਉਸ ਮੌਕੇ ਇਟਾਲੀਅਨ ਮੂਲ ਦੇ ਬਸ਼ਿੰਦਿਆ ਲਈ ਨਗਰ ਕੀਰਤਨ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਕਿਉਂਕਿ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਨਗਰ ਕੀਰਤਨ ਦੇਖ ਰਹੇ ਸਨ ਤੇ ਪਰਮਾਤਮਾ ਪ੍ਰਤੀ ਸੰਗਤ ਦੀ ਸ਼ਰਧਾ ਨੂੰ ਨਮਨ ਕਰ ਰਹੇ ਸਨ।