ਇਟਲੀ 'ਚ 6 ਲੱਖ ਗ਼ੈਰ-ਕਾਨੂੰਨੀ ਕਾਮਿਆਂ ਨੂੰ ਪੱਕਾ ਕਰਨ ਦਾ ਮੁੱਦਾ ਭਖਿਆ

05/07/2020 6:13:50 PM

ਰੋਮ/ਮਿਲਾਨ (ਦਲਵੀਰ ਕੈਂਥ): ਇਟਲੀ ਵਿਚ ਕੋਰੋਨਾ ਸੰਕਟ ਕਾਰਨ ਇਕ ਪਾਸੇ ਤਾਂ ਪਹਿਲਾਂ ਹੀ ਦੇਸ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਡਗਮਗਾ ਰਿਹਾ ਹੈ ਤੇ ਦੂਜੇ ਇਸ ਨੂੰ ਸਥਿਰ ਕਰਨ ਦੇ ਲਈ ਅਤੇ ਸਰਕਾਰੀ ਖ਼ਜ਼ਾਨੇ ਨੂੰ ਭਰਨ ਲਈ ਦੇਸ਼ ਦੀ ਕੇਦਰੀ ਖੇਤੀਬਾੜੀ ਮੰਤਰੀ ਮੈਡਮ ਤੇਰੇਜਾ ਬੈਲਾਨੋਵਾ ਨੇ ਇਕ ਮੰਗ ਰੱਖੀ ਹੈ। ਖੇਤੀਬਾੜੀ ਮੰਤਰੀ ਤੇਰੇਜਾ ਦੇਸ਼ ਵਿਚ 6 ਲੱਖ ਗੈਰਕਾਨੂੰਨੀ ਕਾਮਿਆਂ ਨੂੰ ਪੱਕਾ ਕਰਨ ਦੇ ਲਈ ਪੂਰੀ ਤਰ੍ਹਾਂ ਆਪਣਾ ਮਨ ਪੱਕਾ ਕਰ ਚੁੱਕੀ ਹੈ ਬੇਸ਼ੱਕ ਉਹਨਾਂ ਦੇ ਪ੍ਰਸਤਾਵ ਦਾ ਵਿਰੋਧੀ ਧਿਰ ਵਾਲੇ ਤਿੱਖਾ ਵਿਰੋਧ ਕਰ ਰਹੇ ਹਨ। ਇਸ ਦੇ ਬਾਵਯੂਦ ਖੇਤੀਬਾੜੀ ਮੰਤਰੀ ਤੇਰੇਜਾ ਦੇ ਇਰਾਦੇ ਬੁੰਲਦੀ ਵੱਲ ਹੀ ਹਨ। ਉਹਨਾਂ ਅੱਜ ਹੋਈ ਇਕ ਹੰਗਾਮੀ ਮੰਤਰੀ ਮੰਡਲ ਦੀ ਬੈਠਕ ਵਿਚ ਇਹ ਗੱਲ ਸਪਸ਼ੱਟ ਕਰ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਸ ਦੇ ਪ੍ਰਸਤਾਵ ਨੂੰ ਮਨਜੂਰੀ ਨਾ ਦਿੱਤੀ ਤਾਂ ਉਹ ਆਪਣੇ ਅਹੁਦੇ ਨੂੰ ਛੱਡ ਕੇ ਸਰਕਾਰ ਵਿਚੋ ਬਾਹਰ ਚਲੇ ਜਾਵੇਗੀ।

ਇਟਲੀ ਦੀ ਖੇਤੀਬਾੜੀ ਮੰਤਰੀ ਤੇਰੇਜਾ ਬੈਲਾਨੋਵਾ ਦੇ ਇਸ ਐਲਾਨ ਦੇ ਨਾਲ ਸਰਕਾਰੇ ਦਰਬਾਰੇ ਪੂਰੀ ਤਰ੍ਹਾਂ ਹਫੜਾ ਦਫੜੀ ਪੈ ਗਈ ਹੈ ਕਿ ਹੁਣ ਕੀ ਕੀਤਾ ਜਾਵੇ। ਇਕ ਪਾਸੇ ਵਿਦੇਸੀ ਕਾਮਿਆਂ ਨੂੰ ਪੇਪਰ ਦੇਣ ਦੇ ਪ੍ਰਸਤਾਵ ਦਾ ਵਿਰੋਧੀ ਧਿਰ ਵਲੋਂ ਕੀਤਾ ਜਾ ਰਿਹਾ ਵਿਰੋਧ ਸਰਕਾਰ ਦੇ ਗਲੇ ਵਿਚ ਹੱਡੀ ਬਣ ਫਸ ਰਿਹਾ ਹੈ ਤੇ ਦੂਜੇ ਪਾਸੇ ਸਰਕਾਰ ਦੀ ਆਪਣੀ ਹੀ ਖੇਤੀ-ਬਾੜੀ ਮੰਤਰੀ ਬੈਲਾਨੋਵਾ ਵਲੋਂ ਪ੍ਰਸਤਾਵ ਦੀ ਨਾ ਮਨਜੂਰੀ ਕਾਰਨ ਬਾਹਰ ਜਾਣ ਦੇ ਐਲਾਨ ਨੇ ਸਰਕਾਰ ਦੀਆਂ ਪ੍ਰੇਸਾਨੀਆਂ ਵਿਚ ਚੌਖਾ ਵਾਧਾ ਕੀਤਾ ਹੈ। ਦੇਖਣਯੋਗ ਹੈ ਕਿ ਹੁਣ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਦੀ ਸਰਕਾਰ ਵਿਦੇਸੀ ਕਾਮਿਆਂ ਨੂੰ ਪੇਪਰ ਦੇ ਕੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਸੰਜੀਦਾ ਹੁੰਦੀ ਹੈ ਜਾਂ ਫਿਰ ਵਿਰੋਧੀ ਧਿਰ ਦੇ ਕਾਰਨ ਇਟਲੀ ਦੇ ਆਰਥਿਕ ਢਾਂਚੇ ਨੁੰ ਸਥਿਰ ਕਰਨ ਲਈ ਲਾਚਾਰੀ ਦਿਖਾਉਂਦੀ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤ ਦੇ ਬਾਹਰ ਮੌਜੂਦ ਵਿਦੇਸ਼ੀ ਨਾਗਰਿਕਾਂ ਦੇ ਵੀਜ਼ਾ, OCI ਕਾਰਡ ਰੱਦ

ਇਹ ਸਭ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਤੈਅ ਹੈ ਕਿ ਕੋਰੋਨਾ ਸੰਕਟ ਦੌਰਾਨ ਇਟਲੀ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਦਾ ਸਰਕਾਰ ਕੋਲ ਇਹ ਬਹੁਤ ਵਧੀਆ ਮੌਕਾ ਹੈ ਜਿਸ ਨਾਲ ਸਰਕਾਰੀ ਖ਼ਜ਼ਾਨੇ ਵਿੱਚ ਲੱਖਾਂ ਯੂਰੋ ਤਾਂ ਆਉਣਗੇ ਹੀ ਨਾਲ ਹੀ ਉਹਨਾਂ ਟੈਕਸ ਚੋਰਾਂ ਨੂੰ ਵੀ ਨੱਥ ਪਵੇਗੀ ਜਿਹੜੇ ਗ਼ੈਰ-ਕਾਨੂੰਨੀ ਕਾਮਿਆਂ ਦਾ ਸ਼ੋਸ਼ਣ ਕਰਦੇ ਹਨ।


Vandana

Content Editor

Related News