ਇਟਲੀ 'ਚ 2 ਔਰਤਾਂ ਨੂੰ ਬਿਨਾਂ ਵਜ੍ਹਾ ਬਾਹਰ ਘੁੰਮਣ ਪਿਆ ਮਹਿੰਗਾ, ਹੋਇਆ 6308 ਯੂਰੋ ਜ਼ੁਰਮਾਨਾ

04/06/2020 2:40:15 PM

ਰੋਮ (ਕੈਂਥ): ਇਟਲੀ ਵਿੱਚ ਲਾਕਡਾਊਨ ਦੌਰਾਨ ਵੀ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ।ਹਰ ਰੋਜ਼ ਪੁਲਸ ਸੈਂਕੜੇ ਜ਼ੁਰਮਾਨੇ ਉਹਨਾਂ ਲੋਕਾਂ ਨੂੰ ਕਰਨ ਵਿੱਚ ਢਿੱਲ ਨਹੀਂ ਵਰਤ ਰਹੀ ਜਿਹੜੇ ਕਿ ਬਿਨਾਂ ਵਜ੍ਹਾ ਬਾਹਰ ਟਹਿਲਦੇ ਫਿਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਇਟਲੀ ਵਿੱਚ ਅਜਿਹੇ ਲੋਕ ਵੀ ਹਨ ਕਿ ਜਿਹੜੇ ਅੱਜ ਵੀ ਕੋਰੋਨਾਵਾਇਰਸ ਦੀ ਤਬਾਹੀ ਤੋਂ ਅੱਖਾਂ ਮੀਚ ਕੇ ਇਹੀ ਸਮਝਦੇ ਹਨ ਕੋਰੋਨਾਵਾਇਰਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ।ਇਹ ਲੋਕ ਚਿੱਟੇ ਦਿਨ ਸ਼ਰੇਆਮ ਘਰੋਂ ਬਾਹਰ ਬਿਨਾਂ ਕਿਸੇ ਐਂਮਰਜੈਂਸੀ ਦੇ  ਨਿਕਲ ਰਹੇ ਹਨ ਤੇ ਅਜਿਹੇ ਲੋਕਾਂ ਨੂੰ ਇਟਲੀ ਦੀ ਪੁਲਸ ਬਿਨਾਂ ਦੇਰ ਉਹਨਾਂ ਦਾ ਬਣਦਾ ਮਾਣ-ਸਨਮਾਣ ਮੋਟੇ ਜ਼ੁਰਮਾਨਿਆਂ ਦੇ ਰੂਪ ਵਿੱਚ ਦੇ ਵੀ ਰਹੀ ਹੈ।

ਵਿਦੇਸ਼ੀ ਲੋਕ ਕਾਨੂੰਨੀ ਡੰਡੇ ਦੀ ਮਾਰ ਤੋਂ ਬਚਣ ਲਈ ਬਹੁਤ ਘੱਟ ਘਰੋਂ ਬਾਹਰ ਨਿਕਲ ਰਹੇ ਹਨ ਪਰ ਇਟਾਲੀਅਨ ਲੋਕ ਆਪਣੀਆਂ ਗਲਤੀਆਂ ਨੂੰ ਜ਼ੁਰਮਾਨਿਆ ਦੇ ਰੂਪ ਵਿੱਚ ਭੁਗਤ ਰਹੇ ਹਨ।ਇਟਲੀ ਦੇ ਲੇਚੇ ਇਲਾਕੇ ਵਿੱਚ ਇੱਕ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਜਿੱਥੇ ਪੁਲਸ ਨੇ ਦੋ ਔਰਤਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਕੀਤੇ ਲਾਕਡਾਊਨ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ 'ਤੇ 400 ਯੂਰੋ ਜ਼ੁਰਮਾਨਾ ਕੀਤਾ ਜਦੋਂ ਕਿ ਜਿਸ ਸਕੂਟਰ ਉਪੱਰ ਉਹ ਬੀਬੀਆਂ ਘੁੰਮ ਰਹੀਆਂ ਸਨ ਉਸ ਨੂੰ ਚਲਾਉਣ ਦਾ ਵੀ ਉਹਨਾਂ ਕੋਲ ਲਾਇਸੰਸ ਨਹੀਂ ਸੀ ਜਿਸ ਲਈ 398 ਯੂਰੋ ਬਿਨਾਂ ਲਾਇਸੰਸ ਜ਼ੁਰਮਾਨਾ, ਸਕੂਟਰ ਮਾਲਕ ਨੂੰ ਲਾਪਰਵਾਹੀ ਵਰਤਣ ਕਾਰਨ 5110 ਯੂਰੋ ਜ਼ੁਰਮਾਨਾ ਤੇ ਬਿਨਾਂ ਵਜ੍ਹਾ ਬਾਹਰ ਘੁੰਮਣ ਲਈ 400 ਯੂਰੋ ਜ਼ੁਰਮਾਨਾ ਕੀਤਾ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨੂੰ ਲੈ ਕੇ ਅਮਰੀਕੀ ਵਿਗਿਆਨੀ ਨੇ ਦਿੱਤੀ ਇਹ ਵੱਡੀ ਚਿਤਾਵਨੀ

ਇਸ ਤਰ੍ਹਾਂ ਹੀ ਇੱਕ ਹੋਰ 38 ਸਾਲਾ ਇਟਾਲੀਅਨ ਨੌਜਵਾਨ ਇਟਲੀ ਪੁਲਸ ਦੇ ਉਸ ਵੇਲੇ ਹੱਥੇ ਚੜ੍ਹ ਗਿਆ ਜਦੋਂ ਉਹ ਆਪਣੇ ਘਰੋਂ ਵਤੈਰਬੋ ਸ਼ਹਿਰ ਤੋਂ ਰੋਮ ਜਾ ਰਿਹਾ ਸੀ।ਚੈੱਕ ਕਰਨ ਦੌਰਾਨ ਜਦੋਂ ਪੁਲਸ ਨੇ ਉਸ ਨੌਜਵਾਨ ਨੂੰ ਬਾਹਰ ਜਾਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਭੰਗ ਲੈਣ ਜਾ ਰਿਹਾ, ਜਿਸ ਨੂੰ ਪੀਣ ਦਾ ਉਹ ਆਦੀ ਹੈ।ਪੁਲਸ ਵੱਲੋਂ ਉਸ ਨੌਜਵਾਨ ਨੂੰ ਜ਼ੁਰਮਾਨਾ ਕਰਨ ਦੇ ਨਾਲ ਸਖ਼ਤ ਸ਼ਬਦਾਂ ਵਿੱਚ ਘਰ ਵਿੱਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ।


Vandana

Content Editor

Related News