ਕੋਰੋਨਾ ਆਫ਼ਤ: ਇਟਲੀ ਦੇ ਸੂਬਾ ਕੰਪਾਨੀਆ ''ਚ ਅਗਲੇ 2 ਹਫ਼ਤਿਆਂ ਲਈ ਸਕੂਲ ਬੰਦ

10/16/2020 6:03:16 PM

ਰੋਮ/ਇਟਲੀ (ਕੈਂਥ): ਕੋਵਿਡ-19 ਦੇ ਮੁੜ ਹੋ ਰਹੇ ਕਹਿਰ ਕਾਰਨ ਇਟਲੀ ਦੇ ਸੂਬਾ ਕੰਪਾਨੀਆ ਵਿੱਚ 16 ਅਕਤੂਬਰ ਤੋਂ 30 ਅਕਤੂਬਰ ਤੱਕ ਸੂਬੇ ਦੇ ਰਾਜਪਾਲ ਵਿਚੈਂਸੋ ਦੇ ਲੂਕਾ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਕ, ਸੂਬੇ ਵਿੱਚ ਪ੍ਰਾਇਮਰੀ, ਸੈਕੰਡਰੀ ਸਕੂਲਾਂ ਅਤੇ ਕਾਲਜਾਂ ਯੂਨੀਵਰਸਿਟੀਆਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਵਿਆਹ, ਸ਼ਾਦੀਆਂ, ਮੰਗਣੀ ਅਤੇ ਹੋਰ ਨਿੱਜੀ ਸਮਾਰੋਹਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।  

ਰਾਜਪਾਲ ਨੇ ਕਿਹਾ ਕਿ ਇਹ ਸਾਡੀ ਮਜਬੂਰੀ ਬਣ ਗਈ ਹੈ ਕਿ ਪੂਰੇ ਦੇਸ਼ ਵਿੱਚ ਅਤੇ ਕੰਪਾਨੀਆ ਸੂਬੇ ਵਿੱਚ ਕੋਰੋਨਾਵਾਇਰਸ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਰਕੇ ਸਾਨੂੰ ਹਰ ਪਹਿਲੂ ਤੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਖ਼ਤ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਸਾਡਾ ਦੇਸ਼ ਪਹਿਲਾਂ ਹੀ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋ ਚੁੱਕਿਆ ਹੈ। ਇਸ ਕਰਕੇ ਹੁਣ ਕੋਈ ਵੀ ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਟਲੀ ਸਰਕਾਰ ਵਲੋਂ ਬਣਾਏ ਗਏ ਨਿਯਮਾਂ ਤਹਿਤ ਮਾਸਕ ਪਹਿਨਣਾ ਅਤੀ ਜ਼ਰੂਰੀ ਹੈ, ਮਾਸਕ ਨਾ ਪਹਿਨਣ ਦੀ ਸੂਰਤ ਵਿੱਚ ਭਾਰੀ ਜੁਰਮਾਨੇ ਵੀ ਕੀਤੇ ਜਾ ਰਹੇ ਹਨ।

ਦੂਜੇ ਪਾਸੇ ਦੁਕਾਨਾਂ, ਸੁਪਰਮਾਰਕੀਟਾ ਅਤੇ ਸਟੋਰਾਂ ਆਦਿ ਵਿੱਚ ਜਿੱਥੇ ਆਮ ਲੋਕ ਖ੍ਰੀਦਾਰੀ ਕਰਨ ਲਈ ਜਾਂਦੇ ਹਨ, ਉਨ੍ਹਾਂ ਥਾਵਾਂ 'ਤੇ ਹਰ ਇੱਕ ਵਿਅਕਤੀ ਦਾ ਤਾਪਮਾਨ ਚੈੱਕ ਕਰਨ ਉਪਰੰਤ ਹੀ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਦੇਣਾ ਲਾਜ਼ਮੀ ਕੀਤਾ ਹੋਇਆ ਹੈ। ਦੱਸਣਯੋਗ ਹੈ ਕਿ ਇਟਲੀ ਦੇ ਕਈ ਸੂਬਿਆਂ ਜਿਵੇਂ ਲੰਮਬਾਰਦੀਆ, ਲਾਸੀਓ, ਕੰਪਾਨੀਆ ਆਦਿ ਸੂਬਿਆਂ ਵਿੱਚ ਕੋਵਿਡ ਮਹਾਮਾਰੀ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਸੂਤਰਾਂ ਮੁਤਾਬਕ, ਜੇਕਰ ਇਸ ਮਹਾਮਾਰੀ ਦਾ ਪ੍ਰਕੋਪ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਤਾਲਾਬੰਦੀ ਵੀ ਲੱਗ ਸਕਦੀ ਹੈ ਪਰ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੈ ਕੌਂਤੇ ਵੱਲੋਂ ਬੀਤੇ ਦਿਨੀਂ ਕਿਹਾ ਗਿਆ ਸੀ ਕਿ ਸਰਕਾਰ ਹਰ ਪਹਿਲੂ 'ਤੇ ਚੌਕੰਨੀ ਨਜ਼ਰ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਵਿੱਚ ਤਾਲਾਬੰਦੀ ਦੀ ਹਜੇ ਕੋਈ ਯੋਜਨਾ ਨਹੀਂ ਹੈ।


Vandana

Content Editor

Related News