ਇਟਲੀ: 2 ਦਿਨਾਂ ਬਾਅਦ ਵੀ ਗੁਰਦੁਆਰਾ ਸਾਹਿਬ ਨੂੰ ਲੱਗੇ ਜਿੰਦਰੇ ਨਹੀਂ ਖੁਲਵਾ ਸਕੀ ਸੰਗਤ
Sunday, Aug 06, 2023 - 04:41 PM (IST)
ਰੋਮ (ਦਲਵੀਰ ਕੈਂਥ): ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਦੀ ਮਲਕੀਅਤ ਨੂੰ ਲੈਕੇ ਸੰਗਤ ਤੇ ਪ੍ਰਬੰਧਕ ਢਾਂਚੇ ਵਿੱਚ ਚੱਲ ਰਹੀ ਲੜਾਈ ਨੇ ਜਿੱਥੇ ਦੁਨੀਆ ਭਰ ਵਿੱਚ ਸਿੱਖੀ ਸਿਧਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ, ਉੱਥੇ ਹੀ ਪਿਛਲੇ 2 ਦਿਨਾਂ ਤੋਂ ਪੁਰਾਣੀ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੱਲੋਂ ਸੁੱਰਖਿਆ ਦੇ ਨਾਮ ਹੇਠ ਗੁਰਦੁਆਰਾ ਸਾਹਿਬ ਜਿੰਦਰੇ ਅੰਦਰ ਡੱਕਣ ਨਾਲ ਸਿੱਖ ਸੰਗਤ ਵਿੱਚ ਭਾਰੀ ਰੋਸ ਤੇ ਕੁਰਲਾਹਟ ਦੇਖੀ ਜਾ ਰਹੀ ਹੈ। ਪਰ ਬੇਵੱਸ ਤੇ ਲਾਚਾਰ ਸੰਗਤ ਕੀ ਕਰੇ ਜਦੋਂ ਕਿ ਇਸ ਗੁਰਦੁਆਰਾ ਸਾਹਿਬ ਦੀ ਮਲਕੀਅਤ ਕੁਲਵਿੰਦਰ ਸਿੰਘ ਤੇ ਉਸ ਦੇ 4 ਸਾਥੀਆਂ ਦੇ ਨਾਮ ਦੱਸੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਹ ਸਭ ਤਨਾਅਪੂਰਨ ਸਥਿਤੀ ਬਣੀ ਹੋਈ ਹੈ।
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਨਾਂ ਨੂੰ ਕਿ ਪਿਛਲੇ 2 ਦਿਨਾਂ ਤੋਂ ਜਿੰਦਰੇ ਅੰਦਰ ਹੀ ਰੱਖਿਆ ਗਿਆ ਹੈ ਤੇ ਕੁਲਵਿੰਦਰ ਸਿੰਘ ਪ੍ਰਧਾਨ ਅਨੁਸਾਰ ਗੁਰੂ ਸਾਹਿਬ ਦੀ ਸੇਵਾ ਇੱਕ ਸਿੰਘ ਕਰ ਰਿਹਾ ਹੈ। ਜਦੋਂ ਕਿ ਸੰਗਤ ਅਨੁਸਾਰ ਜਿਹੜਾ ਸਿੰਘ ਅੰਦਰ ਹੈ ਉਹ ਅਪਾਹਿਜ ਤੇ ਬਿਰਧ ਹੈ ਜਿਹੜਾ ਕਿ ਆਪਣੀ ਕ੍ਰਿਆ ਵੀ ਆਪ ਨਹੀਂ ਕਰ ਸਕਦਾ। ਉਹ ਗੁਰੂ ਸਾਹਿਬ ਦੀ ਸਹੀ ਢੰਗ ਨਾਲ ਸੇਵਾ ਕਿਵੇਂ ਕਰ ਸਕਦਾ ਹੈ। ਚਿੱਟੇ ਦਿਨ ਹੋ ਰਹੀ ਇਸ ਬੇਅਦਬੀ ਨੂੰ ਰੋਕਣ ਲਈ ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਬੇਸ਼ੱਕ ਮੋਰਚਾ ਲਾਇਆ ਹੈ ਤੇ ਦਿਨ-ਰਾਤ ਕੀਰਤਨ ਤੇ ਸਿਮਰਨ ਹੋ ਰਿਹਾ ਹੈ ਪਰ ਅਫ਼ਸੋਸ ਗੁਰਦੁਆਰਾ ਸਾਹਿਬ ਦੇ ਮਾਲਿਕ ਕੁਲਵਿੰਦਰ ਸਿੰਘ ਤੇ ਉਸ ਦੇ ਸਾਥੀਆਂ ਦੇ ਹੋਣ ਕਾਰਨ ਇਹ ਜਾਇਦਾਦ ਨਿੱਜੀ ਸਿੱਧ ਹੋ ਰਹੀ ਹੈ।
ਬੇਸ਼ੱਕ ਕੁਲਵਿੰਦਰ ਸਿੰਘ ਤੇ ਹੋਰ ਇਹ ਪ੍ਰਚਾਰ ਵੀ ਕਰ ਰਹੇ ਸਨ ਕਿ ਗੁਰਦੁਆਰਾ ਸਾਹਿਬ ਸੰਗਤ ਦਾ ਹੈ ਜਦੋਂ ਕਿ ਜੇ ਇਹ ਗੁਰਦੁਆਰਾ ਸੰਗਤ ਦਾ ਹੁੰਦਾ ਤਾਂ ਇਸ ਨੂੰ ਇੱਕਲਾ ਕੁਲਵਿੰਦਰ ਸਿੰਘ ਜਿੰਦਰਾ ਕਿਵੇਂ ਲਗਾ ਸਕਦਾ ਸੀ। ਸਿੱਖ ਸੰਗਤ ਪਿਛਲੇ 2 ਦਿਨ ਤੋਂ ਜਿੰਦਰੇ ਅੰਦਰ ਡੱਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਸਕੀ, ਜਿਸ ਲਈ ਇਸ ਸਾਰੇ ਘਟਨਾਕ੍ਰਮ ਪ੍ਰਤੀ ਸੰਗਤਾਂ ਬਹੁਤ ਹੀ ਕੜਵਾਹਟ ਵੀ ਦੇਖੀ ਜਾ ਰਹੀ ਹੈ। ਸਿੱਖ ਸੰਗਤ ਮੋਰਚਾ ਲਗਾ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੀ ਹੋਈ ਹੈ। ਪੁਲਸ ਪ੍ਰਸ਼ਾਸ਼ਨ ਵੀ ਵੱਡੇ ਤਦਾਦ ਵਿੱਚ ਤਾਇਨਾਤ ਹੈ ਪਰ ਜਿੰਦਰਾ ਮਾਰਨ ਵਾਲਾ ਪ੍ਰਧਾਨ ਕੁਲਵਿੰਦਰ ਸਿੰਘ ਲਾਪਤਾ ਹੈ। ਜਦੋਂ ਪ੍ਰੈੱਸ ਕਲੱਬ ਉਸ ਨਾਲ ਸੰਪਰਕ ਕਰਦਾ ਹੈ ਤਾਂ ਉਹ ਫੋਨ ਵੀ ਸੁਣਨਾ ਗਵਾਰਾ ਨਹੀਂ ਕਰਦਾ। ਸਿੱਖ ਸੰਗਤ ਦਾ ਇਹ ਸੰਘਰਸ਼ ਕਿੰਨੇ ਦਿਨ, ਘੰਟੇ ਹੋਰ ਚੱਲਦਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਗੁਰੂ ਸਾਹਿਬ ਦੇ ਦਰਬਾਰ ਦੇ ਜਿੰਦਰੇ ਖੁਲ੍ਹਵਾਉਣ ਲਈ ਸਿੱਖ ਸੰਗਤ ਦੀ ਸ਼ਰਧਾ, ਸੇਵਾ ਤੇ ਗੁਰੂ ਸਾਹਿਬ 'ਤੇ ਯਕੀਨ ਕਾਬਲੇ ਤਾਰੀਫ ਹੈ। ਉਹ ਬਿਨ੍ਹਾਂ ਇਸ ਗੱਲ ਦੀ ਪ੍ਰਵਾਹ ਕੀਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ 'ਤੇ ਕਾਬਜ ਧਿਰ ਨਾਲ ਲੋਹਾ ਲੈ ਰਹੀ ਹੈ ਕਿ ਉਹਨਾਂ 'ਤੇ ਕੋਈ ਕੇਸ ਪਾ ਪੇਪਰ ਖਰਾਬ ਕਰਵਾ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : YouTuber ਦੀ ਕਾਲ 'ਤੇ 2000 ਲੋਕ ਹੋਏ ਇਕੱਠੇ, ਪੁਲਸ 'ਤੇ ਸੁੱਟੀਆਂ ਬੋਤਲਾਂ (ਤਸਵੀਰਾਂ)
ਸਿੱਖ ਸੰਗਤ ਹਰ ਹਾਲਤ ਵਿੱਚ ਗੁਰਦੁਆਰਾ ਸਾਹਿਬ ਅੰਦਰ ਨਜ਼ਰਬੰਦ ਕੀਤੇ ਗੁਰੂ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸਿਰ-ਧੜ ਦੀ ਬਾਜੀ ਲਗਾ ਰਹੀ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਅੱਜ ਤੋਂ ਇੱਕ ਸਾਲ ਪਹਿਲਾਂ ਇਹਨਾਂ ਦਿਨਾਂ ਵਿੱਚ ਹੀ ਅਜਿਹਾ ਹੀ ਕੇਸ ਲਾਤੀਨਾ ਜਿ਼ਲ੍ਹੇ ਦੇ ਸ਼ਹਿਰ ਪੁਨਤੀਨੀਆਂ ਦਾ ਸੀ ਜਿੱਥੇ ਕਿ ਇਟਲੀ ਦੀ ਸਿਰਮੌਰ ਕਹਾਉਣ ਵਾਲੀ ਸਿੱਖ ਜੱਥੇਬੰਦੀ ਯੂਨੀਅਨ ਸਿੱਖ ਇਟਲੀ ਦੇ ਆਗੂ ਕੇਸ ਦੀ ਅਗਵਾਈ ਕਰ ਰਹੇ ਸਨ ਤੇ ਇਹ ਬਿਆਨ ਵੀ ਪ੍ਰੈੱਸ ਕਲੱਬ ਨੂੰ ਦੇ ਰਹੇ ਸੀ ਕਿ ਗੁਰਦੁਆਰਾ ਸਾਹਿਬ ਸਿਰਫ਼ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੀ ਹੋਣਾ ਚਾਹੀਦਾ ਹੈ ਨਾਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ। ਪੁਨਤੀਨੀਆਂ ਵਿਖੇ ਗੁਰਦੁਆਰਾ ਸਿੰਘ ਸਭਾ ਵੀ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਮ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਕਰਵਾਉਣ ਲਈ ਯੂਨੀਅਨ ਸਿੱਖ ਇਟਲੀ ਨੇ ਉਦੋਂ ਮੋਰਚਾ ਲਾਇਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਜਦੋਂ ਇਹੀ ਕੇਸ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਪਸੀਆਨੋ ਦੀ ਪੋਰਦੀਨੋਨੇ ਵਿਖੇ ਸਾਹਮਣੇ ਆਇਆ ਹੈ ਤਾਂ ਯੂਨੀਅਨ ਸਿੱਖ ਇਟਲੀ ਆਗੂਆਂ ਦਾ ਨਜ਼ਰੀਆ ਕਿਵੇਂ ਬਦਲ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਵਾਪਰਿਆ ਵੱਡਾ ਰੇਲ ਹਾਦਸਾ, 22 ਲੋਕਾਂ ਦੀ ਮੌਤ ਤੇ 50 ਹੋਰ ਜ਼ਖ਼ਮੀ
ਇੱਥੇ ਸੰਗਤ ਜਦੋਂ ਗੁਰਦੁਆਰਾ ਸਾਹਿਬ ਦੀ ਮਲਕੀਅਤ ਨੂੰ ਲੈ ਸਵਾਲ ਕਰ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਇਹ ਸਭ ਏਜੰਸੀਆਂ ਕਰਵਾ ਰਹੀਆਂ ਹਨ ਜਾਂ ਸ਼ਰਾਰਤੀ ਅਨਸਰ ਕਰਵਾ ਰਹੇ ਹਨ। ਕੀ ਯੂਨੀਅਨ ਸਿੱਖ ਇਟਲੀ ਦੇ ਆਗੂ ਇਸ ਗੱਲ ਨੂੰ ਵਿਸਥਾਰਪੂਰਵਕ ਦੱਸ ਸਕਦੇ ਹਨ ਕਿ ਉਹ ਏਜੰਸੀਆਂ ਜਾਂ ਸ਼ਰਾਰਤੀ ਅਨਸਰ ਕੌਣ ਹਨ। ਉਹਨਾਂ ਨੂੰ ਜਨਤਕ ਕਰਨ ਤਾਂ ਜੋ ਬਾਕੀ ਸਿੱਖ ਸੰਗਤ ਉਹਨਾਂ ਦੀਆਂ ਚਾਲਾਂ ਤੋਂ ਬੱਚ ਸਕੇ। ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਲਕੀਅਤ ਵਿੱਚ ਯੂਨੀਅਨ ਸਿੱਖ ਇਟਲੀ ਦਾ ਮੌਜੂਦਾ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਵੀ ਸ਼ਾਮਿਲ ਹੈ ਉਹ ਫਿਰ ਭਲਾ ਕਿਵੇਂ ਇਟਲੀ ਦੇ ਦੂਜੇ ਪਾਸੇ ਜਾਕੇ ਇਹ ਬਿਆਾਨ ਦੇ ਸਕਦਾ ਹੈ ਕਿ ਗੁਰਦੁਆਰਾ ਸਾਹਿਬ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋਣਾ ਚਾਹੀਦਾ ਜਦੋਂ ਕਿ ਅੱਜ ਤੋਂ 2 ਦਹਾਕੇ ਪਹਿਲਾਂ ਉਹਨਾਂ 5 ਮੈਂਬਰੀ ਐਸੋਸ਼ੀਏਸ਼ਨ ਬਣਾ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਨਾਮ ਕਰਵਾਇਆ ਹੋਇਆ ਹੈ। ਜਿਸ ਦੇ ਕਾਰਨ ਹੀ ਇਸ ਵਕਤ ਕੁਲਵਿੰਦਰ ਸਿੰਘ ਪ੍ਰਧਾਨ ਤੇ ਸਤਵਿੰਦਰ ਸਿੰਘ ਬਾਜਵਾ ਸੈਕਟਰੀ ਦੋਨਾਂ ਨੇ ਸਹਿਮਤੀ ਨਾਲ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਮਾਰਿਆ ਹੈ ਤਾਂ ਜੋ ਸਿੱਖ ਸੰਗਤ ਉਹਨਾਂ ਤੋ ਇਸ ਗੁਰਦੁਆਰਾ ਸਾਹਿਬ ਦੀ ਮਲਕੀਅਤ ਨਾ ਲੈ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।