ਇਟਲੀ : ਰਿਸਪਾਰਮੀਓ ਕਾਸਾਂ ਦੇ ਕਾਮਿਆਂ ਵੱਲੋਂ ਆਪਣੇ ਹੱਕਾਂ ਲਈ ਕੀਤਾ ਗਿਆ ਚੱਕਾ ਜਾਮ

07/05/2022 5:28:46 PM

ਰੋਮ/ਇਟਲੀ (ਕੈਂਥ) ਇਟਲੀ ਦੀ ਨੈਸ਼ਨਲ ਪੱਧਰ ਦੀ ਪ੍ਰਸਿੱਧ ਕੰਪਨੀ ਰਿਸਪਾਰਮੀਓ ਕਾਸਾਂ ਵਿੱਚ ਗਲੋਬਲ ਲੌਜੀਸਟੀਕਾ ਕੰਪਨੀ ਵਿਰੁੱਧ ਸੂਬਾ ਲਾਸੀਓ ਦੇ ਸ਼ਹਿਰ ਪੋਮੇਸੀਆ ਵਿਖੇ ਕੰਮ ਕਰ ਰਹੇ ਲੱਗਭਗ 130 ਤੋ ਵੱਧ ਵਰਕਰਾਂ ਵਿੱਚੋ 90 ਦੇ ਕਰੀਬ ਵਰਕਰਾਂ ਵੱਲੋਂ ਕੰਪਨੀ ਦੀਆਂ ਗ਼ਲਤ ਨੀਤੀਆਂ ਖ਼ਿਲਾਫ਼ ਅਤੇ ਪਿਛਲੇ 2 ਮਹੀਨਿਆਂ ਦੀਆ ਵਰਕਰਾਂ ਨੂੰ ਤਨਖਾਹ ਨਾ ਦੇਣ ਕਰਕੇ ਹੜਤਾਲ ਕੀਤੀ ਹੋਈ ਹੈ।ਇਸ ਸੰਬੰਧੀ ਇਟਲੀ ਦੀ ਸੰਸਥਾ ਉਜੀਐਲ ਦੇ ਸਿੰਡੀਕੋ ਕ੍ਰੀਸਤੀਆਨੋ ਵਲੋ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਲੜਾਈ ਵਿਅਕਤੀਗਤ ਨਾਲ ਨਹੀਂ ਹੈ ਅਸੀਂ ਵਰਕਰਾਂ ਦੇ ਨੈਸ਼ਨਲ ਪੱਧਰ 'ਤੇ ਮਿਲਣ ਵਾਲੇ ਹੱਕਾਂ ਲਈ ਗਲੋਬਲ ਲੌਜੀਸਟੀਕਾ ਅਤੇ ਰਿਸਪਾਰਮੀਓ ਕਾਸਾਂ ਕੰਪਨੀ ਵਿਰੁੱਧ ਲੜ ਰਹੇ ਹਾਂ, ਕਿਉਂਕਿ ਇਹ ਕੰਪਨੀ ਵਲੋਂ ਵਰਕਰਾਂ ਦੇ ਹੱਕਾਂ ਨੂੰ ਦੱਬ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। 

ਉਨ੍ਹਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜੋ ਕੇ ਇਟਲੀ ਭਰ ਵਿੱਚ ਮਜਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ, ਉਹਨਾਂ ਦਾ ਮਕਸਦ ਸਰਕਾਰ ਅਤੇ ਪ੍ਰਾਈਵੇਟ ਅਦਾਰਿਆਂ ਵਲੋਂ ਵਰਕਰਾਂ ਦੇ ਹੱਕਾਂ 'ਤੇ ਡਾਕੇ ਮਾਰਨ ਵਾਲੇ ਲੋਕਾਂ ਨੂੰ ਰੋਕਣਾ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਇਟਲੀ ਦੇ ਕਾਨੂੰਨ ਦੇ ਮੁਤਾਬਕ ਪੱਕੇ ਤੌਰ 'ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਨੈਸ਼ਨਲ ਪੱਧਰ 'ਤੇ ਸਹੂਲਤਾਂ ਦੇਣਾ ਕੰਪਨੀ ਦੀ ਜ਼ਿਮੇਵਾਰੀ ਹੁੰਦੀ ਹੈ। ਇਸ ਕੰਪਨੀ ਵਿੱਚ ਕੰਮ ਕਰਨ ਵਾਲੇ ਹੜਤਾਲ ਕਰਨ ਵਾਲੇ ਵਰਕਰਾਂ ਨੇ ਦੱਸਿਆ ਕਿ ਸਾਨੂੰ ਕੋਈ ਵੀ ਸਹੂਲਤਾਂ ਸਹੀ ਢੰਗ ਨਾਲ ਪ੍ਰਦਾਨ ਨਹੀਂ ਕੀਤੀ ਜਾ ਰਹੀਆਂ। ਕੰਪਨੀ ਵਾਲੇ ਵਰਕਰਾਂ ਦੇ ਹੱਕਾਂ ਨੂੰ ਦੱਬ ਰਹੇ ਹਨ।

PunjabKesari

ਇਸ ਹੜਤਾਲ ਸੰਬੰਧੀ ਪੰਜਾਬੀ ਭਾਈਚਾਰੇ ਦੇ ਵਰਕਰਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਇਸ ਕੰਪਨੀ ਵਿੱਚ ਕੰਮ ਰਹੇ ਹਨ ਪਰ ਅਫਸੋਸ ਕਿ ਸਾਡੇ ਹੀ ਭਾਈਚਾਰੇ ਦੇ ਕੁਝ ਲੋਕ ਮਾਲਕਾਂ ਨਾਲ ਗੁਪਤ ਮੀਟਿੰਗਾਂ ਕਰਕੇ ਆਪਣੇ ਸਵਾਰਥ ਲਈ ਉਨ੍ਹਾਂ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਹੱਕ ਮੰਗਣ ਵਾਲੇ ਵਰਕਰਾਂ ਦੇ ਵਿਰੁੱਧ ਖੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਕਿ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਪਿਛਲੇ ਮਹੀਨੇ ਦੀ 17,18 ਜੂਨ ਨੂੰ ਰਿਸਪਾਰਮੀਓ ਕਾਸਾਂ ਕੰਪਨੀ ਵਲੋ ਗਲੋਬਲ ਕੰਪਨੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਅਤੇ ਉਸ ਦੀ ਜਗ੍ਹਾ ਨਵੀਂ ਕੰਪਨੀ ਐਫ.ਡੀ.ਐਂਮੇ ਨੂੰ ਦਾਖਲ ਕਰ ਲਿਆ ਅਤੇ ਕਈ ਕਈ ਸਾਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੰਮ ਛੱਡ ਦਿਓ। 

ਉਨ੍ਹਾਂ ਦੱਸਿਆ ਉਜੀਐਲ ਸੰਸਥਾ ਵਲੋਂ ਲੰਮੇ ਸੰਘਰਸ਼ ਮਗਰੋਂ 20 ਜੂਨ ਨੂੰ ਪੁਰਾਣੇ ਵਰਕਰਾਂ ਦੇ ਫਿਰ ਮੁੜ ਤੋਂ ਉਸੇ ਸ਼ਰਤ ਦੇ ਆਧਾਰ 'ਤੇ ਜ਼ੋ ਪਿਛਲੀ ਕੰਪਨੀ ਨਾਲ ਇਕਰਾਰਨਾਮਾ ਸੀ ਉਸੇ ਤਰ੍ਹਾਂ ਹੀ ਨਵੀਂ ਕੰਪਨੀ ਨਾਲ ਇਕਰਾਰਨਾਮਾ ਕਰਵਾ ਦਿੱਤਾ ਪਰ ਇਕਰਾਰਨਾਮਾ ਦੀ ਸ਼ਰਤ ਮੁਤਾਬਕ ਜੇਕਰ ਪਹਿਲੀ ਕੰਪਨੀ ਨੂੰ ਬਾਹਰ ਭੇਜਿਆ ਜਾਵੇਗਾ ਤਾਂ ਵਰਕਰਾਂ ਦੇ ਭੱਤੇ ਅਤੇ ਤਨਖਾਹਾਂ ਦਾ ਉਨ੍ਹਾਂ ਨੇ ਭੁਗਤਾਨ ਕਰਨਾ ਸੀ ਪਰ ਕੰਪਨੀ ਵਲੋਂ ਇਸ ਇਕਰਾਰਨਾਮੇ ਤੋਂ ਸਾਫ ਮਨ੍ਹਾ ਕਰਕੇ ਪੁਰਾਣੇ ਵਰਕਰਾਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਮੱਦੇਨਜਰ ਵਰਕਰਾਂ ਵਲੋਂ ਉਜੀਐਲ ਸੰਸਥਾ ਦੇ ਝੰਡੇ ਹੇਠ ਪਿਛਲੇ ਕਈ ਦਿਨਾਂ ਤੋਂ ਚੱਕਾ ਜਾਮ ਕੀਤਾ ਹੋਇਆ ਹੈ। ਦੂਜੇ ਪਾਸੇ ਲਾਸੀਓ ਸੂਬੇ ਦੇ ਰਾਜਨੀਤਕ ਪਾਰਟੀ 'ਲੇਗਾ' ਦੇ ਸੂਬਾ ਸਲਾਹਕਾਰ ਦਾਨੈਲੇ ਜਾਨੀਨੀ ਵਲੋਂ ਵੀ ਇਸ ਕੰਪਨੀ ਦੇ ਅਧਿਕਾਰੀਆਂ ਦੀ ਜੰਮ ਕੇ ਅਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਕੰਪਨੀ ਵਰਕਰਾਂ ਨਾਲ ਸਮਝੌਤਾ ਨਹੀਂ ਕਰਦੀ ਅਤੇ ਉਨ੍ਹਾਂ ਦੇ ਬਣਦੇ ਭੱਤੇ ਅਤੇ ਉਨ੍ਹਾਂ ਦਾ ਰਹਿੰਦਾ 2 ਮਹੀਨਿਆਂ ਦਾ ਵੇਤਨ ਨਹੀਂ ਦਿੰਦੀ ਤਾਂ ਉਨ੍ਹਾਂ ਦੀ ਪਾਰਟੀ ਵਲੋਂ ਕੰਪਨੀ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਹਾਲਾਤ ਗੰਭੀਰ, ਸਰਕਾਰ ਨੇ ਸੋਕੇ ਦੀ ਐਮਰਜੈਂਸੀ ਕੀਤੀ ਘੋਸ਼ਿਤ

ਉਨ੍ਹਾਂ ਕਿਹਾ ਕਿ ਜਿਹੜੀ ਕੰਪਨੀ ਵਰਕਰਾਂ ਦੇ ਬਣਦੇ ਹੱਕ ਨਹੀਂ ਦੇ ਸਕਦੀ ਉਸ ਕੰਪਨੀ 'ਤੇ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਪੰਜਾਬੀ ਵਰਕਰਾਂ ਨੇ ਦੱਸਿਆ ਕਿ ਸਾਡੀ ਕੌਮ ਨੂੰ ਹਮੇਸ਼ਾ ਆਪਣਿਆਂ ਨੇ ਢਾਅ ਲਾਈ ਹੈ। ਇਸ ਕੰਪਨੀ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਅਤੇ ਕੰਪਨੀ ਦੇ ਮਾਲਕ ਦੀ ਚਾਪਲੂਸੀ ਕਰਦੇ ਹੋਏ ਭਾਰਤੀ ਵਿਅਕਤੀ ਹੀ ਆਪਣਿਆਂ ਦੇ ਹੱਕਾਂ ਦਾ ਘੋਲ ਕਰ ਰਹੇ ਹਨ, ਕਿਉਂਕਿ ਇਹ ਲੋਕ ਆਪਣਾ ਅਹੁਦਾ ਨਾ ਖੁਸਣ ਦੇ ਡਰ ਤੋਂ ਦੂਜਿਆਂ ਦੇ ਹੱਕਾਂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਕੰਪਨੀ ਦੇ ਨੁਮਾਇੰਦਿਆਂ ਨਾਲ ਮਿਲ ਕੇ ਘਾਣ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ ਮਾਰ ਦਿੱਤੀਆਂ ਗਈਆਂ ਕਰੋੜਾਂ ਮਧੂ ਮੱਖੀਆਂ, ਜਾਣੋ ਪੂਰਾ ਮਾਮਲਾ

ਦੱਸਣਯੋਗ ਹੈ ਕਿ ਇਸ ਕੰਪਨੀ ਦੇ ਲਾਸੀਓ ਸੂਬੇ ਸਮੇਤ ਪੂਰੀ ਇਟਲੀ ਵਿੱਚ ਲਗਭਗ 130 ਵੱਡੇ ਸਟੋਰ ਹਨ ਅਤੇ ਖਾਣ ਪੀਣ ਦੀਆਂ ਵਸਤਾਂ ਨੂੰ ਛੱਡ ਕੇ ਬਾਕੀ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਸਾਰੀਆਂ ਘਰੇਲੂ ਅਤੇ ਗੈਰ ਘਰੇਲੂ ਵਸਤਾਂ ਮਿਲਦੀਆਂ ਹਨ। ਰਿਸਪਾਰਮੀਓ ਕਾਸਾਂ ਕੰਪਨੀ ਪੂਰੀ ਇਟਲੀ ਵਿੱਚ ਆਪਣਾ ਵਪਾਰ ਕਰ ਰਹੀ ਪਰ ਪਿਛਲੇ ਕੁਝ ਦਿਨਾਂ ਤੋਂ ਵਰਕਰਾਂ ਦੇ ਹੜਤਾਲ 'ਤੇ ਜਾਣ ਕਰਕੇ ਕੰਪਨੀ ਵਲੋਂ ਜਾਰੀ ਕੀਤੇ ਗਏ ਨੋਟਿਸ ਤੋਂ ਪਤਾ ਲਗਦਾ ਹੈ ਕਿ ਕੰਪਨੀ ਨੂੰ ਰੋਜ਼ਾਨਾ ਲੱਖਾਂ ਯੂਰਾ ਦਾ ਘਾਟਾ ਪੈ ਰਿਹਾ ਹੈ ਪਰ ਵਰਕਰਾਂ ਦੇ ਹੱਕ ਦੇਣ ਲਈ ਕੰਪਨੀ ਕੰਨੀ ਕਤਰਾ ਰਹੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਕੰਪਨੀ ਕਦੋਂ ਵਰਕਰਾਂ ਦੀਆਂ ਮੰਗਾਂ ਅਤੇ ਤਨਖਾਹਾਂ ਅਦਾ ਕਰਦੀ ਹੈ ਅਤੇ ਕਦੋਂ ਵਰਕਰ ਮੁੜ ਕੰਪਨੀ ਵਿੱਚ ਦਾਖਲ ਹੁੰਦੇ ਹਨ।ਜ਼ਿਕਰਯੋਗ ਹੈ ਕਿ ਇਸ ਕੰਪਨੀ ਵਿੱਚ ਪੰਜਾਬੀ, ਇਟਾਲੀਅਨ, ਰੋਮਾਨੀ, ਅਫਰੀਕਨ, ਪਾਕਿਸਤਾਨੀ ਅਤੇ ਹੋਰ ਵਿਦੇਸ਼ੀ ਮੂਲ ਦੇ ਕਰਮਚਾਰੀ ਕੰਮ ਕਰ ਰਹੇ ਹਨ, ਜਿਸ ਵਿੱਚ ਪੰਜਾਬੀ ਭਾਈਚਾਰੇ ਦੇ ਨੌਜਵਾਨ ਵਰਕਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਮੌਜੂਦਾ ਦੌਰ ਵਿੱਚ ਇਹ ਕੰਪਨੀ ਇਟਲੀ ਦੀ ਸਭ ਤੋਂ ਵੱਡੀ ਕੰਪਨੀ ਵਜੋਂ ਆਪਣਾ ਵਪਾਰ ਚਲਾ ਰਹੀ ਹੈ।
 


Vandana

Content Editor

Related News