ਸਮਾਜ ਸੇਵੀ ਕਾਰਜਾਂ ਲਈ ਸੰਸਥਾ "ਆਸ ਦੀ ਕਿਰਨ" ਦੇ ਸਮੂਹ ਸੇਵਾਦਾਰਾਂ ਦਾ ਸਨਮਾਨ

Sunday, Jun 28, 2020 - 06:01 PM (IST)

ਰੋਮ/ਇਟਲੀ (ਕੈਂਥ): ਸੱਚੇ ਮਾਰਗ ਚਲਦਿਆਂ ਉਸਤੱਤ ਕਰੇ ਜਹਾਨ, ਕਹਾਵਤ ਨੂੰ ਆਸ ਦੀ ਕਿਰਨ ਸੰਸਥਾ ਨੇ ਸਾਰਥਕ ਕੀਤਾ ਹੈ। ਇਟਲੀ ਵਿੱਚ ਪਿਛਲੇ ਲਗਭਗ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਸਮਾਜ ਪ੍ਰਤੀ ਸੇਵਾਵਾਂ ਨਿਭਾ ਰਹੀ ਸੰਸਥਾ "ਆਸ ਦੀ ਕਿਰਨ (ਰਜਿ.) ਨੂੰ ਉਸ ਸਮੇਂ ਬਹੁਤ ਮਾਣ-ਸਨਮਾਨ ਮਿਲਿਆ ਜਦੋਂ ਇਟਲੀ ਦੇ ਲਾਸੀਓ ਸੂਬੇ ਦੇ ਜ਼ਿਲ੍ਹਾ ਲਤੀਨਾ ਦੇ ਸ਼ਹਿਰ ਅਪਰੀਲੀਆ ਦੇ ਕਸਬਾ ਕੰਪੋ ਦੀ ਕਾਰਨੇ ਵਿੱਚ ਪੈਂਦੇ ਪੰਜਾਬੀ ਖਾਣੇ ਅਤੇ ਵਿਰਸੇ ਨਾਲ ਸੰਬੰਧਤ ਪ੍ਰੋਗਰਾਮਾਂ ਲਈ ਮਸ਼ਹੂਰ ਮੰਨੇ ਜਾਂਦੇ ਤਾਜ ਕਲੱਬ ਰੈਸਟੋਰੈਂਟ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਸਮਾਜ ਸੇਵੀ ਸੰਸਥਾ "ਆਸ ਦੀ ਕਿਰਨ" ਸੰਸਥਾ ਦੀਆਂ ਸਮਾਜ ਪ੍ਰਤੀ ਨਿਭਾਈਆਂ ਜਾਂ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਤਾਜ ਕਲੱਬ ਰੈਸਟੋਰੈਂਟ ਦੇ ਮਾਲਕ ਬਲਜਿੰਦਰ ਸਿੰਘ ਬੱਲ ਅਤੇ ਸਮੂਹ ਸਟਾਫ ਵਲੋਂ ਸੰਸਥਾ ਦੇ ਸਮੂਹ ਸੇਵਾਦਾਰਾਂ ਨੂੰ ਆਪਣੇ ਤਾਜ ਕਲੱਬ ਰੈਸਟੋਰੈਂਟ ਵਿੱਚ ਉਚੇਚੇ ਤੌਰ 'ਤੇ ਰਾਤ ਦੇ ਖਾਣੇ ਲਈ ਸੱਦਾ ਪੱਤਰ ਭੇਜਿਆ ਗਿਆ ਸੀ। 

ਬਲਜਿੰਦਰ ਸਿੰਘ ਬੱਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਟਲੀ ਵਿੱਚ ਅਸੀਂ ਵੀ ਪਿਛਲੇ ਲੰਮੇ ਸਮੇਂ ਤੋਂ ਰਹਿ ਕੇ ਸਖ਼ਤ ਮਿਹਨਤ ਕਰਕੇ ਆਪਣਾਂ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਪਰ ਆਪਣੇ ਨਿੱਜੀ ਕੰਮਾਂ ਕਾਰਾਂ ਵਿੱਚੋਂ ਸਮਾਜਿਕ ਸੇਵਾਵਾਂ ਲਈ ਵਕ਼ਤ ਕੱਢ ਕੇ ਲੋੜਵੰਦਾਂ ਲਈ ਸੇਵਾਵਾ ਕਰਨੀਆ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਅੱਜ ਸਾਨੂੰ ਖੁਸ਼ੀ ਨਾਲ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਟਲੀ ਵਿੱਚ ਸਮਾਜ ਪ੍ਰਤੀ ਨਿਸ਼ਕਾਮ ਸੇਵਾਵਾਂ ਨਿਭਾ ਰਹੀ ਸੰਸਥਾ ਆਸ ਦੀ ਕਿਰਨ ਵਲੋਂ ਪਿਛਲੇ ਸਮੇਂ ਤੋਂ ਹੁਣ ਤੱਕ ਸਮਾਜ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਕਾਬਲੇ ਤਾਰੀਫ਼ ਹਨ।ਇਸ ਸੰਸਥਾ ਦੇ ਸਮੂਹ ਸੇਵਾਦਾਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦੇ ਹਾਂ ਕਿ ਸਾਡੇ ਤਾਜ ਕਲੱਬ ਰੈਸਟੋਰੈਂਟ ਵਿਚ ਆ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ। 

ਆਸ ਦੀ ਕਿਰਨ ਸੰਸਥਾ ਦੇ ਸਮੂਹ ਸੇਵਾਦਾਰਾਂ ਵਲੋਂ ਬਲਜਿੰਦਰ ਸਿੰਘ ਬੱਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ ਕਿ ਜਿਹਨਾਂ ਨੇ ਸੰਸਥਾ ਦੇ ਸੇਵਾਦਾਰਾਂ ਨੂੰ ਇਨ੍ਹਾਂ ਮਾਣ ਸਨਮਾਨ ਦਿੱਤਾ ਅਤੇ ਸੰਸਥਾ ਦੀਆ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਸੰਸਥਾ ਨੂੰ ਬਣਦਾ ਮਾਣ-ਸਤਿਕਾਰ ਦਿੱਤਾ। ਇਸ ਕਾਰਜ ਲਈ ਉਹ ਸਦਾ ਰਿਣੀ ਰਹਿਣਗੇ।ਦੱਸਣਯੋਗ ਹੈ ਕਿ ਤਾਜ ਕਲੱਬ ਰੈਸਟੋਰੈਂਟ ਵਲੋਂ ਹਰ ਸਾਲ ਸੱਭਿਆਚਾਰ, ਕਲਚਰਲ ਅਤੇ ਵਿਰਸੇ ਨਾਲ ਸੰਬੰਧਿਤ ਆਦਿ ਪ੍ਰੋਗਰਾਮ ਕਰਵਾਏ ਜਾਂਦੇ ਹਨ। ਬਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ ਸਾਡਾ ਇੱਕੋ ਇੱਕ ਮਕਸਦ ਹੈ ਕਿ ਇਟਲੀ ਵਿੱਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਅਤੇ ਪੰਜਾਬੀ ਭਾਈਚਾਰੇ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਪ੍ਰੋਗਰਾਮਾ ਨਾਲ ਜੋੜ ਕੇ ਰੱਖਿਆ ਜਾ ਸਕੇ।


Vandana

Content Editor

Related News