ਦੂਸ਼ਿਤ ਵਾਤਾਵਰਣ ਵਾਲੇ ਦੇਸ਼ਾਂ ''ਚ ਸਰਬੀਆ ਯੂਰਪ ''ਚੋਂ ਸਿਖਰ ''ਤੇ, ਦੁਨੀਆ ''ਚ 9ਵੇਂ ਨੰਬਰ ''ਤੇ

01/31/2020 3:00:07 PM

ਰੋਮ/ਇਟਲੀ (ਦਲਵੀਰ ਕੈਂਥ): ਵਾਤਾਵਰਣ ਵਿੱਚ ਆ ਰਹੀ ਨਿਰੰਤਰ ਗਿਰਾਵਟ ਨੇ ਪੂਰੀ ਦੁਨੀਆ ਦੀ ਜੀਭ ਕੱਢਾ ਰੱਖੀ ਹੈ ਤੇ ਹਰ ਅਗਾਂਹ ਵਧੂ ਸੋਚ ਵਾਲਾ ਦੇਸ਼ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਉਹ ਪਾਪੜ ਵੇਲਣ ਵਿੱਚ ਲੱਗਾ ਹੈ ਜਿਸ ਨਾਲ ਕਿ ਉਹਨਾਂ ਦੇ ਦੇਸ਼ ਦਾ ਵਾਤਾਵਰਣ ਸ਼ੁੱਧ ਹੋ ਸਕੇ ।ਵਾਤਾਵਰਣ ਦੀ ਅਸੁੱਧਤਾ ਨਾਲ ਹੀ ਮਨੁੱਖੀ ਜੀਵਨ ਨੂੰ ਨਿੱਤ ਨਵੀਆਂ ਬੀਮਾਰੀਆਂ ਜੱਫਾ ਮਾਰਕੇ ਖਤਮ ਕਰਨ ਵੱਲ ਤੁਰੀਆਂ ਹੋਈਆਂ ਹਨ।ਪੂਰੀ ਦੁਨੀਆ ਵਿੱਚ ਸਾਲ 2017 ਦੌਰਾਨ 83 ਲੱਖ ਤੋਂ ਵੱਧ ਲੋਕ ਸਿਰਫ਼ ਵਾਤਾਵਰਣ ਦੀ ਅਸੁੱਧਤਾ ਕਾਰਨ ਹੀ ਮੌਤ ਦੇ ਮੂੰਹ ਵਿੱਚ ਚੱਲੇ ਗਏ।ਪ੍ਰਦੂਸ਼ਿਤ ਵਾਤਾਵਰਣ ਏਡਜ਼, ਟੀ.ਬੀ. ਤੇ ਮਲੇਰੀਆ ਨਾਲੋਂ 3 ਗੁਣਾ ਜ਼ਿਆਦਾ ਮਨੁੱਖੀ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ।

ਯੂਰਪੀਅਨ ਦੇਸ਼ ਵੀ ਕਈ ਤਰ੍ਹਾਂ ਦੇ ਢੰਗ ਅਪਨਾ ਕੇ ਵਾਤਾਵਰਣ ਨੂੰ ਸੁੱਧ ਕਰਨ ਵਿੱਚ ਲੱਗੇ ਹੋਏ ਹਨ। ਇਟਲੀ ਵੀ ਇਹਨਾਂ ਦੇਸ਼ਾਂ ਵਿੱਚੌ ਇੱਕ ਹੈ।ਇਟਲੀ ਸਰਕਾਰ ਨੇ ਕਈ ਸ਼ਹਿਰਾਂ ਵਿੱਚ ਦਿਨ ਸਮੇਂ ਅਣਮਿੱਥੇ ਸਮੇਂ ਲਈ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੀਆਂ ਪਬਲਿਕ ਡੀਜ਼ਲ ਗੱਡੀਆਂ 'ਤੇ ਪਾਬੰਦੀ ਲਗਾਈ ਹੋਈ ਹੈ ।ਇਟਲੀ ਸਰਕਾਰ ਦੇ ਇਸ ਫੈਸਲੇ ਨਾਲ ਇੱਕਲੀ ਰਾਜਧਾਨੀ ਵਿੱਚ ਹੀ ਕਰੀਬ 10 ਲੱਖ ਡੀਜ਼ਲ ਪਬਲਿਕ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ ।ਆਉਣ ਵਾਲੇ ਸਮੇਂ ਵਿੱਚ ਇਟਲੀ ਸਰਕਾਰ ਕਈ ਹੋਰ ਵੀ ਡੀਜ਼ਲ ਮਸ਼ੀਨਾਂ ਉਪੱਰ ਪਾਬੰਦੀ ਲਗਾ ਸਕਦੀ ਹੈ।

ਸੰਨ 2012 ਵਿੱਚ ਸਥਾਪਿਤ ਹੋਈ ਵਾਤਾਵਰਣ ਨਾਲ ਸੰਬਧਤ ਅੰਤਰਰਾਸ਼ਟਰੀ ਸੰਸਥਾ ਗਲੋਬਲ ਅਲਾਇੰਸ ਆਨ ਹੈਲਥ ਐਂਡ ਪੋਲੂਸ਼ਨ ਦੀ ਵਿਸ਼ੇਸ਼ ਰਿਪੋਰਟ ਮੁਤਾਬਕ ਯੂਰਪ ਵਿੱਚ ਇਸ ਸਮੇਂ ਜਿਹੜੇ ਦੇਸ਼ਾਂ ਵਿੱਚ ਸਭ ਤੋਂ ਵੱਧ ਵਾਤਾਵਰਣ ਅਸੁੱਧ ਹੈ ਉਹਨਾਂ ਵਿੱਚੋਂ ਸਰਬੀਆ ਪਹਿਲੇ ਨੰਬਰ ਉੱਤੇ ਆਉਂਦਾ ਹੈ ਤੇ ਵਿਸ਼ਵ ਵਿੱਚ 9ਵੇਂ ਨੰਬਰ ਉੱਤੇ ਆਉਂਦਾ ਹੈ।ਰਿਪੋਰਟ ਮੁਤਾਬਕ ਸਰਬੀਆ ਵਿੱਚ ਹਰ ਸਾਲ ਪ੍ਰਦੂਸ਼ਣ ਨਾਲ 100,000 ਲੋਕਾਂ ਵਿੱਚੋਂ 175 ਲੋਕ ਮਰਦੇ ਹਨ।ਰਿਪੋਰਟ ਵਿੱਚ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ ਕਿ ਸੰਨ 2017 ਵਿੱਚ ਸਰਬੀਆ ਵਿੱਚ ਪ੍ਰਦੂਸ਼ਣ ਨਾਲ 12,317 ਦੀ ਮੌਤ ਹੋਈ ਜਿਨ੍ਹਾਂ ਵਿੱਚ 9,902 ਲੋਕ ਹਵਾ ਪ੍ਰਦੂਸ਼ਣ ਕਾਰਨ,1,366 ਲੋਕ ਜ਼ਹਿਰ ਕਾਰਨ ਅਤੇ 37 ਲੋਕ ਪ੍ਰਦੂਸ਼ਤ ਪਾਣੀ ਕਾਰਨ ਬੇਵਕਤੀ ਮੌਤ ਦਾ ਸ਼ਿਕਾਰ ਹੋਏ ਹਨ।ਉਂਝ ਦੁਨੀਆ ਦੇ 10 ਦੇਸ਼ਾਂ ਵਿੱਚ ਕੀਤੇ ਦੂਸ਼ਿਤ ਵਾਤਾਵਰਣ ਦੇ ਸਰਵੇ ਵਿੱਚ ਚਾਡ ਦੇਸ਼ ਪਹਿਲੇ ਨੰਬਰ 'ਤੇ ਹੈ ਉਸ ਤੋਂ ਬਾਅਦ ਮੱਧ ਅਫ਼ਰੀਕੀ ਗਣਰਾਜ, ਉੱਤਰੀ ਕੋਰੀਆ, ਨਾਈਜਰ, ਮੈਡਾਗਾਸਕਰ, ਪਾਪੂਆ ਨਿਉ ਗਿੰਨੀ, ਦੱਖਣੀ ਸੁਡਾਨ, ਸੋਮਾਲੀਆ, ਸਰਬੀਆ ਤੇ ਭਾਰਤ ਆਉਂਦਾ ਹੈ।


Vandana

Content Editor

Related News