ਇਟਲੀ : ਸੈਲਾਨੀਆਂ ਲਈ 2 ਜੂਨ ਤੋਂ ਖੁੱਲ੍ਹਣਗੇ ਰੋਮ ਦੇ ਅਜਾਇਬ ਘਰ
Monday, Jun 01, 2020 - 03:14 PM (IST)
ਰੋਮ, (ਕੈਂਥ)- ਇਟਲੀ ਨੂੰ ਕੋਵਿਡ-19 ਨਾਲ ਹੁਣ ਤੱਕ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਸ ਕੁਦਰਤੀ ਕਹਿਰ ਨਾਲ ਇਟਲੀ ਵਿੱਚ 33,455 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਜਦੋਂ ਕਿ ਇਸ ਮਹਾਂਮਾਰੀ ਕਾਰਨ 2,33,019 ਲੋਕ ਪ੍ਰਭਾਵਿਤ ਹੋਏ। ਇਟਲੀ ਵਰਗਾ ਅਗਾਂਹ ਵਧੂ ਦੇਸ਼ ਵੀ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕਰ ਸਕਦਾ ਪਰ ਹੁਣ ਹੋਲੀ-ਹੋਲੀ ਕੋਵਿਡ-19 ਮਹਾਂਮਾਰੀ ਦੇ ਪੰਜੇ ਤੋਂ ਨਿਜਾਤ ਜ਼ਰੂਰ ਪਾਉਂਦਾ ਜਾ ਰਿਹਾ ਹੈ।ਪਿਛਲੇ ਬੀਤੇ 24 ਘੰਟਿਆਂ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ 75 ਲੋਕਾਂ ਦੀ ਇਸ ਮਹਾਂਮਾਰੀ ਕਾਰਨ ਮੌਤ ਹੋਈ ਹੈ। ਲਗਭਗ 2 ਮਹੀਨੇ ਤੋਂ ਜ਼ਿਆਦਾ ਚੱਲੀ ਤਾਲਾਬੰਦੀ ਤੋਂ ਬਾਅਦ ਇਟਲੀ ਸਰਕਾਰ ਨੇ ਪਹਿਲਾਂ 4 ਮਈ ਤੇ ਫਿਰ 18 ਮਈ ਨੂੰ ਇਟਲੀ ਨੂੰ ਖੋਲ੍ਹ ਦਿੱਤਾ ਸੀ ਅਤੇ ਹੁਣ 3 ਜੂਨ ਤੋਂ ਇਟਲੀ ਦੀਆਂ ਸਰਹੱਦਾਂ ਵੀ ਖੁੱਲ੍ਹਣ ਨਾਲ ਇਟਲੀ ਨਿਵਾਸੀ ਦੇਸ਼ ਤੋਂ ਬਾਹਰ ਵੀ ਆ-ਜਾ ਸਕਦੇ ਹਨ ।
ਇਟਲੀ ਦੀ ਰਾਜਧਾਨੀ ਰੋਮ ਵਿੱਚ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਅਤੇ ਅਜਾਇਬ ਘਰ ਹਨ, ਜਿਨ੍ਹਾਂ ਨੂੰ ਕੋਵਿਡ-19 ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਇਟਲੀ ਸਰਕਾਰ ਨੂੰ ਇਨ੍ਹਾਂ ਇਤਿਹਾਸਕ ਥਾਵਾਂ ਤੋਂ ਹੁੰਦੀ ਆਮਦਨ ਵਿੱਚ ਵੀ ਕਾਫ਼ੀ ਗਿਰਾਵਟ ਆਈ ਸੀ ਕਿਉਂਕਿ ਇਟਲੀ ਵਿੱਚ ਲੱਖਾਂ ਸੈਲਾਨੀ ਹਰ ਸਾਲ ਇਟਲੀ ਦੀ ਸੁੰਦਰਤਾ ਅਤੇ ਇਤਿਹਾਸਕ ਇਮਾਰਤਾਂ, ਅਜਾਇਬ ਘਰ ਆਦਿ ਨੂੰ ਦੇਖਣ ਲਈ ਇੱਥੇ ਪੂਰੀ ਦੁਨੀਆ ਦੇ ਕੋਨੇ-ਕੋਨੇ ਤੋਂ ਸੈਰ ਸਪਾਟੇ ਲਈ ਆਉਂਦੇ ਸਨ। ਹੁਣ 2 ਜੂਨ ਨੂੰ ਰੋਮ ਦੇ ਆਲੇ-ਦੁਆਲੇ ਸਥਿਤ ਇਨ੍ਹਾਂ ਇਤਿਹਾਸਕ ਇਮਾਰਤਾਂ,ਅਜਾਇਬ ਘਰਾਂ ਨੂੰ ਦੁਬਾਰਾ ਖੋਲ੍ਹਣ ਜਾ ਰਹੀਆਂ ਹਨ, ਕਿਉਂਕਿ 2 ਜੂਨ (1946) ਨੂੰ ਇਟਲੀ ਵਿੱਚ ਨੈਸ਼ਨਲ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਫੈਸਤਾ ਦੀ ਰੀਪਬਲਿਕਾ ਦੀ ਇਤਾਲੀਅਨਾ (ਗਣਤੰਤਰ ਦਿਵਸ) ਨਾਲ ਜਾਣਿਆ ਜਾਂਦਾ ਹੈ। ਇਟਲੀ ਵਿੱਚ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਇਹ ਪਹਿਲਾ ਤਿਉਹਾਰ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ,ਇਨ੍ਹਾਂ ਇਤਿਹਾਸਕ ਇਮਾਰਤਾਂ, ਅਜਾਇਬਘਰ ਆਦਿ ਨੂੰ ਦੇਖਣ ਜਾਣ ਵਾਲੇ ਲੋਕਾਂ ਲਈ ਬਹੁਤ ਸਖ਼ਤ ਹਦਾਇਤਾਂ ਦੀ ਪਾਲਣਾ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਵੇਂ ਮਾਸਕ ਪਹਿਨਣਾ, ਹੱਥ ਸੈਨਾਟਾਈਜ਼ ਕਰਨੇ, ਦਸਤਾਨਿਆਂ ਆਦਿ ਦੀ ਵਰਤੋਂ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੀ ਜ਼ਰੂਰੀ ਹੈ।
ਨਵੇਂ ਵਿਆਹੇ ਜੋੜੇ ਨੇ ਕੀਤੀ ਨਿਯਮਾਂ ਦੀ ਪਾਲਣਾ-
ਪਹਿਲਾਂ ਕੋਵਿਡ -19 ਕਾਰਨ ਤਾਲਾਬੰਦੀ ਅਤੇ ਹੁਣ ਇਸ ਤੋਂ ਬਚਣ ਲਈ ਸਖ਼ਤ ਨਿਯਮ ਲੋਕਾਂ ਦੇ ਜੀਵਨ ਦੇ ਢੰਗ ਤਰੀਕੇ ਬਦਲ ਰਹੇ ਹਨ। ਇਹ ਬਦਲਾਅ ਲੋਕਾਂ ਦੇ ਵਿਆਹਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਇਟਾਲੀਅਨ ਜੋੜੇ ਉਂਝ ਵੀ ਗੱਲ-ਗੱਲ ਮੌਕੇ ਇੱਕ-ਦੂਜੇ ਨੂੰ ਗਲ ਲਾਉਂਦੇ ਥੱਕਦੇ ਨਹੀਂ ਸਨ, ਹੁਣ ਓਹੀ ਵਿਆਂਦੜ ਜੋੜਾ ਆਪਣੇ ਵਿਆਹ ਮੌਕੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮਾਸਕ ਲਗਾ ਕੇ ਸਮਾਜਿਕ ਦੂਰੀ ਬਣਾ ਕੇ ਰੱਖ ਰਹੇ ਹਨ।