ਇਟਲੀ: 21 ਅਕਤੂਬਰ ਨੂੰ ਪਰਵਾਸੀਆਂ ਦੇ ਹੱਕਾਂ ਲਈ ਹੋਵੇਗਾ ਵਿਸ਼ਾਲ ਰੋਸ ਮੁਜ਼ਾਹਰਾ

10/20/2019 4:00:41 PM

ਰੋਮ ਇਟਲੀ (ਕੈਂਥ)— ਇਟਲੀ ਦੇ ਕਈ ਸੂਬਿਆਂ 'ਚ ਹੱਡ-ਭੰਨਵੀਂ ਮਿਹਨਤ ਮੁਸ਼ਕਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਵਿਦੇਸ਼ੀਆਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਮਿਲਣ ਦੀ ਬਜਾਏ ਮਾਲਕਾਂ ਵਲੋਂ ਜ਼ਲੀਲ ਕਰਨਾ ਆਮ ਜਿਹੀ ਗੱਲ ਬਣਦੀ ਜਾ ਰਹੀ ਹੈ। ਇਹ ਇਟਾਲੀਅਨ ਮਾਲਕ ਆਪਣੇ ਕਾਮਿਆਂ ਨੂੰ ਨਾ ਤਾਂ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਦਿੰਦੇ ਹਨ ਤੇ ਨਾ ਹੀ ਉਨ੍ਹਾਂ ਨਾਲ ਕੰਮ ਕਰਨ ਦਾ ਕੋਈ ਢੁੱਕਵਾਂ ਤੇ ਮਜ਼ਦੂਰ ਹਿਤੈਸੀ ਇਕਰਾਰਨਾਮਾ ਕਰਦੇ ਹਨ, ਜਿਸ ਦੇ ਸਿੱਟੇ ਵਜੋਂ ਅਕਸਰ ਬਹੁਤੇ ਕਾਮੇ ਮਾਨਸਿਕ ਪਰੇਸ਼ਾਨੀ ਝੱਲਣ ਲਈ ਬੇਵੱਸ ਤੇ ਲਾਚਾਰ ਹਨ। ਕਈ ਵਿਚਾਰਿਆਂ ਨੂੰ ਤਾਂ ਸਰਕਾਰ ਨੂੰ ਸਹੀ ਟੈਕਸ ਨਾ ਭਰਨ ਕਾਰਨ ਪੇਪਰਾਂ ਦੀ ਮਿਆਦ ਵਧਾਉਣ ਮੌਕੇ ਵੀ ਕਾਫ਼ੀ ਜੱਦੋ-ਜਹਿਦ ਕਰਨੀਂ ਪੈਂਦੀ ਹੈ।

ਇਟਲੀ ਦੇ ਲਾਸੀਓ ਸੂਬੇ 'ਚ ਅਨੇਕਾਂ ਅਜਿਹੇ ਕੇਸ ਦੇਖੇ ਜਾ ਸਕਦੇ ਹਨ, ਜਿਨ੍ਹਾਂ 'ਚ ਮਾਲਕ ਦੀ ਗਲਤੀ (ਭਾਵ ਮਜ਼ਦੂਰ ਦਾ ਟੈਕਸ ਸਰਕਾਰ ਨੂੰ ਨਾ ਭਰਨਾ) ਦਾ ਖਮਿਆਜ਼ਾ ਮਜ਼ਦੂਰਾਂ ਨੂੰ ਵਕੀਲਾਂ ਮਗਰ ਆਪਣੀ ਮਿਹਨਤ ਦੀ ਕਮਾਈ ਉਜਾੜ ਕੇ ਭੁਗਤਣਾ ਪੈਂਦਾ ਹੈ ਪਰ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਇਟਲੀ ਦੇ ਬਹੁਤੇ ਕਾਮੇ ਜਿਹੜੇ ਮਾਲਕ ਦੇ ਸੋਸ਼ਣ ਦਾ ਸ਼ਿਕਾਰ ਹਨ ਆਪਣੇ ਹੱਕਾਂ ਲਈ ਲੜਨ ਲਈ ਵੀ ਦਿਮਾਗੀ ਤੌਰ ਤੇ ਤਿਆਰ ਨਹੀਂ ਤੇ ਜਿਹੜੀਆਂ ਭਾਰਤੀ ਜਾਂ ਇਟਾਲੀਅਨ ਜਨਤਕ ਜੱਥੇਬੰਦੀਆਂ (ਜੋ ਮਜ਼ਦੂਰਾਂ ਦੇ ਹੱਕਾਂ ਲਈ ਲੜਦੀਆਂ ਹਨ) ਉਨ੍ਹਾਂ ਦਾ ਮਜ਼ਦੂਰ ਖੁੱਲ੍ਹਕੇ ਸਾਥ ਨਹੀਂ ਦਿੰਦੇ ਹਨ। ਇਟਲੀ ਦੇ ਕਈ ਕਾਮੇ ਤਾਂ ਆਪਣੇ ਕੰਮ ਨਾਲ ਕੰਮ ਰੱਖਣ 'ਚ ਹੀ ਯਕੀਨ ਕਰਦੇ ਹਨ, ਜਿਸ ਦੇ ਕਾਰਨ ਇਟਾਲੀਅਨ ਮਾਲਕ ਇਨ੍ਹਾਂ ਦਾ ਰੱਜਕੇ ਸ਼ੋਸ਼ਣ ਹੀ ਨਹੀਂ ਕਰਦੇ ਸਗੋਂ ਜਦੋਂ ਇਨ੍ਹਾਂ ਕਾਮਿਆਂ ਨੂੰ ਜਾਨਵਰ ਹੀ ਸਮਝਦੇ ਹੋਏ ਮਜ਼ਦੂਰੀ ਵੀ ਕਈ-ਕਈ ਮਹੀਨਿਆਂ ਬਾਅਦ ਹੀ ਦਿੰਦੇ ਹਨ।

ਇਟਲੀ 'ਚ ਕਈ ਇਟਾਲੀਅਨ ਜਨਤਕ ਜੱਥੇਬੰਦੀਆਂ ਹਮੇਸਾਂ ਹੀ ਪਰਵਾਸੀ ਮਜ਼ਦੂਰਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੀਆਂ ਆ ਰਹੀਆਂ ਹਨ ਤੇ ਇਸ ਤਰ੍ਹਾਂ ਹੀ ਸੰਨ 2016 ਤੋਂ ਲਾਸੀਓ ਸੂਬੇ 'ਚ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੀ ਸੂਬੇ ਦੇ ਕਾਮਿਆਂ ਲਈ ਨਿਰੰਤਰ ਸੰਘਰਸ਼ ਕਰ ਰਹੀ ਹੈ। ਬੀਤੇ ਦਿਨੀਂ ਇਕ ਡੇਅਰੀ ਫਾਰਮ ਦੇ ਇਟਾਲੀਅਨ ਮਾਲਕ ਵਜੋਂ ਆਪਣੇ ਕਾਮੇ ਨੂੰ ਤਨਖਾਹ ਦੇਣ ਦੀ ਬਜਾਏ ਕੰਮ ਤੋਂ ਕੱਢ ਦਿੱਤਾ ਤੇ ਇਕ ਖੇਤੀ ਫਾਰਮ ਦੇ ਇਟਾਲੀਅਨ ਮਾਲਕ ਨੇ ਆਪਣੇ ਕਾਮਿਆਂ ਨੂੰ ਤਨਖਾਹ ਦੇਣ ਦੀ ਬਜਾਏ ਗੋਲੀਆਂ ਚਲਾਕੇ ਧਮਕਾਇਆ। ਇਟਲੀ 'ਚ ਇਹਨਾਂ ਅਤਿ ਨਿੰਦਣਯੋਗ ਘਟਨਾਵਾਂ ਦੀ ਚੁਫੇਰਿਓ ਜਿਥੇ ਨਿੰਦਾ ਹੋਈ ਉਥੇ ਹੀ ਲੋਕਾਂ ਨੇ ਧੱਕੇਸ਼ਾਹੀ ਦੇ ਸ਼ਿਕਾਰ ਭਾਰਤੀ ਮਜ਼ਦੂਰਾਂ ਦੇ ਹੱਕ 'ਚ ਹਾਂ ਦਾ ਨਾਅਰਾ ਵੀ ਮਾਰਿਆ ਤੇ ਇਸ ਧੱਕੇਸ਼ਾਹੀ ਖਿਲਾਫ਼ ਹੀ ਇੰਡੀਅਨ ਕਮਿਊਨਿਟੀ ਇਨ ਲਾਸੀਓ ਇਟਲੀ ਦੀਆਂ ਹੋਰ ਭਰਾਤਰੀ ਜੱਥੇਬੰਦੀਆਂ ਸੀ.ਜੀ.ਆਈ.ਐੱਲ. ਫਲਾਈ, ਯੂ.ਆਈ.ਐੱਲ.ਏ., ਸੀ.ਜੀ.ਆਈ.ਐੱਲ. ਲਾਤੀਨਾ ਦੇ ਸਹਿਯੋਗ ਨਾਲ 21 ਅਕਤੂਬਰ ਨੂੰ ਜ਼ਿਲਾ ਲਾਤੀਨਾ ਦੇ ਚੌਕ ਲਿਬਰਤਾ ਵਿਖੇ ਮਜ਼ਦੂਰਾਂ ਦੇ ਹੱਕਾਂ ਲਈ ਵਿਸ਼ਾਲ ਮੁਜ਼ਾਹਰਾ ਸ਼ਾਮੀ 3 ਵਜੇ ਕਰਨ ਜਾ ਰਹੀ ਹੈ। ਇਸ 'ਚ ਸੂਬੇ ਦੇ ਸਭ ਮਜ਼ਦੂਰਾਂ ਨੂੰ ਪਹੁੰਚਣ ਦੀ ਅਪੀਲ ਕਰਦਿਆਂ ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਕਿਹਾ ਕਿ ਲੋੜ ਹੈ ਅੱਜ ਸਭ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਨਾਲ ਇਟਾਲੀਅਨ ਮਾਲਕਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਲਾਮਬੰਦ ਹੋਣ ਦੀ ਤੱਦ ਹੀ ਅਸੀ ਆਪਣੇ ਹੱਕਾਂ ਨੂੰ ਹਾਸਿਲ ਕਰ ਸਕਾਂਗੇ।


Baljit Singh

Content Editor

Related News