ਇਟਲੀ ''ਚ 105 ਡਾਕਟਰ ਤੇ 28 ਨਰਸਾਂ ਦੀ ਮੌਤ, ਸਰਕਾਰ ਨੇ ਵਧਾਈ ਲਾਕਡਾਊਨ ਦੀ ਤਰੀਕ

Friday, Apr 10, 2020 - 01:09 PM (IST)

ਇਟਲੀ ''ਚ 105 ਡਾਕਟਰ ਤੇ 28 ਨਰਸਾਂ ਦੀ ਮੌਤ, ਸਰਕਾਰ ਨੇ ਵਧਾਈ ਲਾਕਡਾਊਨ ਦੀ ਤਰੀਕ

ਰੋਮ/ਇਟਲੀ (ਕੈਂਥ ਸਾਬੀ/ਚੀਨੀਆ): ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਵੱਲੋਂ ਦੇਸ਼ ਵਿੱਚ ਕੋਰੋਨਾਵਾਇਰਸ ਦੇ ਖਾਤਮੇ ਲਈ ਕਾਫ਼ੀ ਜੱਦੋ-ਜਹਿਦ ਕੀਤੀ ਜਾ ਰਹੀ ਹੈ ।ਇਟਲੀ ਚਾਹੇ ਕੋਰੋਨਾਵਾਇਰਸ ਨਾਲ ਕੀਤੀ ਜਾ ਰਹੀ ਲੜਾਈ ਨੂੰ ਹੌਲੀ-ਹੌਲੀ ਜਿੱਤ ਰਿਹਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹਾਲੇ ਵੀ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਅਹਿਮ ਲੋੜ ਹੈ।ਦੇਸ਼ ਵਿੱਚ ਇਸ ਸਮੇਂ 143,626 ਮਰੀਜ਼ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹਨ ਜਦੋਂ ਕਿ 18,279 ਲੋਕਾਂ ਨੂੰ ਕੋਰੋਨਾਵਾਇਰਸ ਨੇ ਸਦਾ ਦੀ ਨੀਂਦ ਸੁਲਾ ਦਿੱਤਾ ਹੈ।ਇਟਲੀ ਵਿੱਚ 28,470 ਮਰੀਜ਼ ਕੋਰੋਨਾ ਨਾਲ ਜ਼ਿੰਦਗੀ ਦੀ ਜੰਗ ਜਿੱਤ ਵੀ ਚੁੱਕੇ ਹਨ ਤੇ ਸਿਰਫ਼ 3605 ਮਰੀਜ਼ ਅਜਿਹੇ ਹਨ ਜਿਹੜੇ ਕਿ ਗੰਭੀਰ ਹਾਲਤ ਵਿੱਚ ਹਨ। 

ਪਰ ਇਸ ਦੇ ਬਾਵਜੂਦ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜੰਗ ਜਿੱਤਣ ਲਈ ਖੁੱਲ੍ਹੇ ਮੈਦਾਨ ਵਿੱਚ ਆਉਣ ਦੀ ਬਜਾਏ ਹਾਲੇ ਘਰ ਵਿੱਚ ਬੈਠਣ ਦੀ ਲੋੜ ਹੈ ਕਿਉਂਕਿ ਕੋਰੋਨਾਵਾਇਰਸ ਪਤਾ ਨਹੀਂ ਉਹਨਾਂ ਨੂੰ ਕਿਹੜੇ ਪਾਸਿਓ ਆਕੇ ਮਾਤ ਦੇ ਜਾਵੇ।ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਮੌਕੇ ਦੀ ਨਜ਼ਾਕਤ ਨੂੰ ਭਾਪਦਿਆਂ ਜਿਹੜਾ ਦੇਸ਼ ਵਿੱਚ ਲਾਕਡਾਊਨ 13 ਅਪ੍ਰੈਲ ਤੱਕ ਐਲਾਨਿਆ ਸੀ ਹੁਣ ਉਸ ਨੂੰ ਵਧਾਕੇ 3 ਮਈ 2020 ਤੱਕ ਕਰ ਦਿੱਤਾ ਹੈ ਤਾਂ ਜੋ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਵਿਗਿਆਨੀਆਂ ਨੇ ਖੋਜਿਆ ਉਹ ਟਾਰਗੇਟ, ਜਿੱਥੇ ਸਿੱਧਾ ਅਸਰ ਕਰੇਗੀ ਕੋਰੋਨਾ ਦੀ ਦਵਾਈ

ਜ਼ਿਕਰਯੋਗ ਹੈ ਕਿ ਇਟਲੀ ਭਰ ਵਿੱਚ ਹਜ਼ਾਰਾਂ ਲੋਕਾਂ ਨੂੰ ਕੋਰੋਨਾਵਾਇਰਸ ਤੋਂ ਬਚਾਉਂਦੇ ਹੋਏ ਹੁਣ ਤੱਕ 105 ਡਾਕਟਰ ਆਪਣੇ ਫਰਜ਼ ਲਈ ਕੁਰਬਾਨ ਹੋ ਚੁੱਕੇ ਹਨ ਜਦੋਂ ਕਿ 28 ਨਰਸਾਂ ਵੀ ਇਸ ਕੁਰਬਾਨੀ ਵਿੱਚ ਸ਼ਾਮਿਲ ਹਨ।ਨੈਸ਼ਨਲ ਫੈਡਰੇਸ਼ਨ ਆਫ਼ ਮੈਡੀਕਲ ਆਰਡਜ਼ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਮਰਨ ਵਾਲੇ ਬਹੁਤੇ ਡਾਕਟਰ ਸਰਜਨ, ਦੰਦਾਂ ਦੇ ਮਾਹਿਰ, ਬੱਚਿਆਂ ਦੇ ਮਾਹਿਰ ਤੇ ਮੈਡੀਸ਼ਨ ਮਾਹਿਰ ਸਨ। ਫੈਡਰੇਸ਼ਨ ਅਨੁਸਾਰ ਇਟਲੀ ਭਰ ਵਿੱਚ ਕੋਰੋਨਾਵਾਇਰਸ ਦਾ ਇਲਾਜ ਕਰ ਰਹੇ ਡਾਕਟਰ ਤੇ ਨਰਸਾਂ ਜਿਹਨਾਂ ਦੀ ਗਿਣਤੀ 200 ਤੋਂ 300 ਦੇ ਵਿਚਕਾਰ ਹੁੰਦੀ ਹੈ ਬਹੁਤ ਹੀ ਜੋਖ਼ਮ ਭਰੇ ਹਾਲਤਾਂ ਵਿੱਚੋ ਲੰਘਦਿਆਂ ਆਪਣੇ ਫਰਜ਼ਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਕਾਰਨ ਉਹ ਆਪ ਹੀ ਕੋਰੋਨਾ ਨਾਲ ਪ੍ਰਭਾਵਿਤ ਹੋ ਰਹੇ ਹਨ।ਮਰਨ ਵਾਲੇ ਡਾਕਟਰ ਤੇ ਨਰਸਾਂ ਸਭ ਤੋ ਵੱਧ ਲਮਬਾਰਦੀਆ ਸੂਬੇ ਵਿੱਚ ਕੁਰਬਾਨ ਹੋ ਰਹੇ ਹਨ। ਇਟਲੀ ਦਾ ਇਹ ਸੂਬਾ ਕੋਰੋਨਾਵਾਇਰਸ ਨਾਲ ਸਭ ਤੋ ਵੱਧ ਪ੍ਰਭਾਵਿਤ ਹੈ ਜਿੱਥੇ ਕਿ 54 ਹਜ਼ਾਰ ਤੋ ਵੱਧ ਲੋਕ ਕੋਰੋਨਾ ਕਾਰਨ ਸੰਤਾਪ ਹੰਢਾਅ ਰਹੇ ਹਨ ਜਦੋਂ ਕਿ 10 ਹਜ਼ਾਰ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।
 


author

Vandana

Content Editor

Related News