ਇਟਲੀ ''ਚ ਪੰਜਾਬਣ ਜਸ਼ਨਦੀਪ ਕੌਰ ਗਿੱਲ ਨੇ ਮੁੜ ਘੋੜ ਸਵਾਰੀ ਦੇ ਮੁਕਾਬਲੇ ''ਚ ਪਹਿਲਾ ਸਥਾਨ ਕੀਤਾ ਹਾਸਲ
Wednesday, Jun 30, 2021 - 04:09 PM (IST)
ਰੋਮ/ਇਟਲੀ (ਕੈਂਥ) - ਉੱਤਰੀ ਇਟਲੀ ਦੀ ਵਸਨੀਕ ਪੰਜਾਬਣ ਜਸ਼ਨਦੀਪ ਕੌਰ ਗਿੱਲ ਨੇ ਇਕ ਵਾਰ ਫਿਰ ਇਟਲੀ ਦੇ ਆਰੇਸੋ ਸ਼ਹਿਰ ਵਿਖੇ ਹੋਏ 90 ਕਿਲੋਮੀਟਰ ਘੋੜ ਸਵਾਰੀ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਭ ਨੂੰ ਚਿੱਤ ਕਰ ਦਿੱਤਾ ਹੈ। ਜਸ਼ਨਦੀਪ ਕੌਰ ਗਿੱਲ ਜਿਹੜੀ ਕਿ ਸੰਨ 2013 ਵਿਚ ਪਰਿਵਾਰ ਸਮੇਤ ਇਟਲੀ ਆਈ ਸੀ, ਨੇ ਪੜ੍ਹਾਈ ਦੇ ਨਾਲ-ਨਾਲ 2015 ਵਿਚ ਘੋੜ ਸਵਾਰੀ ਦੀ ਸਿਖਲਾਈ ਲਈ ਪੀਏਤਰੋ ਮੋਨਤੇ ਤੇ ਸਾਰਾ ਗੁਸੋਨੀ ਤੋਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸਖ਼ਤ ਮਿਹਨਤ ਨਾਲ 2017 ਵਿਚ ਪਹਿਲੀ ਵਾਲ 30 ਕਿਲੋਮੀਟਰ ਦੇ ਮੁਕਾਬਲੇ ਵਿਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ। ਇਸ ਦੇ ਬਾਅਦ ਜਸ਼ਨਦੀਪ ਹੋਰ ਸਖ਼ਤ ਮਿਹਨਤ ਕਰਦਿਆਂ 2019, 2020 ਵਿਚ 30,60,90 ਕਿਲੋਮੀਟਰ ਦੇ ਮੁਕਾਬਲਿਆਂ ਵਿਚ ਵੀ ਰਹਿ ਕੇ ਆਪਣਾ, ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਆਰੇਸੋ ਸ਼ਹਿਰ ਵਿਚ ਹੋਏ ਮੁਕਾਬਲੇ ਵਿਚ ਵੀ ਜਸ਼ਨਦੀਪ ਕੌਰ ਨੇ ਘੋੜ ਸਵਾਰੀ ਵਿਚ ਇਟਾਲੀਅਨ ਬੱਚਿਆਂ ਨੂੰ ਮਾਤ ਦੇ ਕੇ ਪਹਿਲਾਂ ਸਥਾਨ ਹਾਸਲ ਕੀਤਾ ਸੀ। ਬੀਤੇ ਮਹੀਨੇ ਜਸ਼ਨਦੀਪ ਕੌਰ ਗਿੱਲ ਵਲੋਂ ਭਾਰਤ ਸਰਕਾਰ ਤੋਂ ਮਨਜ਼ੂਰਸ਼ੁਦਾ ਅੰਤਰਰਾਸ਼ਟਰੀ ਪੱਧਰ 'ਤੇ ਘੋੜ ਸਵਾਰੀ ਮੁਕਾਬਲੇ ਵਿਚ ਹਿੱਸਾ ਲਿਆ ਗਿਆ ਸੀ, ਜਿਸ ਵਿਚ ਜਸ਼ਨਦੀਪ ਕੌਰ ਗਿੱਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ। ਜੋ ਕਿ ਇਟਲੀ ਵਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਜਸ਼ਨਦੀਪ ਕੌਰ ਗਿੱਲ ਨੇ ਬੀਤੇ ਦਿਨੀਂ ਇਟਲੀ ਦੇ ਸੂਬਾ ਤੁਸਕਾਨਾ ਦੇ ਜ਼ਿਲ੍ਹਾ ਆਰੇਸੋ ਦੇ ਮੋਨਤਲਚੀਨੋ ਵਿਖੇ ਹੋਏ 90 ਕਿਲੋਮੀਟਰ ਦੇ ਘੋੜ ਸਵਾਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ 20 ਘੋੜ ਸਵਾਰਾਂ ਨੇ ਆਪਣੀ ਖੇਡ ਰਾਹੀਂ ਕਿਸਮਤ ਅਜ਼ਮਾਈ ਸੀ।