ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਯੂਰਪੀ ਪੰਜਾਬੀ ਕਵਿਤਾ ਬਾਰੇ ਵਿਚਾਰ ਚਰਚਾ ਤੇ ਕਵੀ ਦਰਬਾਰ
Wednesday, Jun 16, 2021 - 02:05 PM (IST)
ਰੋਮ (ਕੈਂਥ): ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਹਿਯੋਗ ਨਾਲ ਯੂਰਪੀ ਪੰਜਾਬੀ ਕਵਿਤਾ ਬਾਰੇ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਵਲੋਂ ਕੀਤੀ ਗਈ। ਆਰੰਭ ਵਿੱਚ ਡਾ. ਸ.ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਮਾਨਯੋਗ ਪ੍ਰਧਾਨ ਗੁੱਜਰਾਂਵਾਲਾ ਐਜੂਕੇਸ਼ਨਲ ਕੌਂਸਲ ਨੇ ਇਸ ਕਵੀ ਦਰਬਾਰ ਵਿੱਚ ਸ਼ਿਰਕਤ ਕਰ ਰਹੇ ਵਿਦਵਾਨਾਂ, ਕਵੀਆਂ ਤੇ ਸਰੋਤਿਆਂ ਨੂੰ ਰਸਮੀ ਤੌਰ 'ਤੇ ਜੀ ਆਇਆਂ ਆਖਿਆ।
ਉਨ੍ਹਾਂ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਹਿਲਾਂ ਯੂਰਪ ਵਿਚ ਇੰਗਲੈਂਡ ਹੀ ਪਰਵਾਸੀ ਸਾਹਿਤ ਸਿਰਜਣਾ ਦਾ ਕੇਂਦਰ ਸੀ ਪਰ ਹੁਣ ਜਰਮਨੀ, ਬੈਲਜੀਅਮ, ਪੁਰਤਗਾਲ, ਇਟਲੀ, ਗਰੀਸ ਤੇ ਹੋਰ ਮੁਲਕਾਂ ਵਿੱਚ ਵੀ ਸਾਹਿਤ ਰਚਿਆ ਜਾਣ ਲੱਗਾ ਹੈ ਤੇ ਪਰਵਾਸੀ ਸਾਹਿਤ ਕੇਂਦਰ ਇਨ੍ਹਾਂ ਮੁਲਕਾਂ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਗੌਲਣ ਲਈ ਵਚਨਬੱਧ ਹੈ।ਇਸ ਕਵੀ ਦਰਬਾਰ ਦੀ ਸਹਿਯੋਗੀ ਧਿਰ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਚਾਹਲ ਨੇ ਵੀ ਇਸ ਮੌਕੇ ਸਭ ਲਈ ਸਵਾਗਤੀ ਸ਼ਬਦ ਕਹੇ। ਉਨ੍ਹਾਂ ਨੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੀਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਤੋਂ ਵੀ ਸਰੋਤਿਆਂ ਨੂੰ ਜਾਣੂ ਕਰਵਾਇਆ।
ਕਵੀ ਦਰਬਾਰ ਤੋਂ ਪਹਿਲਾਂ ਵਿਚਾਰ ਚਰਚਾ ਵਿੱਚ ਡਾ: ਰਣਜੀਤ ਧੀਰ (ਪ੍ਰਸਿੱਧ ਲੇਖਕ ਤੇ ਸਿੱਖਿਆ ਸ਼ਾਸਤਰੀ, ਬਰਤਾਨੀਆ) ਡਾ. ਦਵਿੰਦਰ ਕੌਰ (ਪ੍ਰੋ. ਵੁਲਵਰਹੈਂਪਟਨ ਕਾਲਜ, ਬਰਤਾਨੀਆ) ਤੇ ਕੇਹਰ ਸ਼ਰੀਫ (ਲੇਖਕ ਜਰਮਨੀ) ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ। ਡਾ: ਰਣਜੀਤ ਧੀਰ ਨੇ ਆਪਣੇ ਭਾਸ਼ਣ ਵਿਚ ਇੰਗਲੈਂਡ ਵਿਚ ਪਰਵਾਸੀ ਪੰਜਾਬੀ ਸਾਹਿਤ ਦੇ ਇਤਹਾਸ ਅਤੇ ਭਵਿੱਖ ਸਬੰਧੀ ਵਿਚਾਰ ਚਰਚਾ ਕੀਤੀ। ਡਾ. ਦਵਿੰਦਰ ਕੌਰ ਨੇ ਪਰਵਾਸੀ ਪੰਜਾਬੀ ਸਾਹਿਤ ਦੇ ਮੂਲ ਮੁੱਦਿਆਂ 'ਤੇ ਗੱਲਬਾਤ ਕਰਦੇ ਹੋਏ ਨਵੀਂ ਪੀੜ੍ਹੀ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕੀਤੀ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀ ਵਰਗ ਦਾ ਵੱਡੇ ਪੱਧਰ 'ਤੇ ਪਰਵਾਸ ਧਾਰਨ ਕਰਨ ਦੇ ਕਾਰਨਾਂ 'ਤੇ ਵੀ ਚਾਨਣਾ ਪਾਇਆ।
ਪੜ੍ਹੋ ਇਹ ਅਹਿਮ ਖਬਰ - ਕੈਨੇਡਾ: ਵਿਰੋਧੀ ਧਿਰ ਨੇ ਹਰਜੀਤ ਸਿੰਘ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ
ਉਨ੍ਹਾਂ ਨੇ ਕਿਹਾ ਕਿ ਪੰਜਾਬੀ ਔਰਤ ਪਰਵਾਸ ਧਾਰਨ ਕਰਨ ਤੋਂ ਬਾਅਦ ਮਰਦ ਨਾਲੋਂ ਵਧੇਰੇ ਖੁਸ਼ ਹੈ ਕਿਉਂਕਿ ਇਨ੍ਹਾਂ ਮੁਲਕਾਂ ਨੇ ਔਰਤ ਨੂੰ ਆਜ਼ਾਦੀ ਦਿੱਤੀ ਹੈ, ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਮਰਦ ਦੇ ਬਰਾਬਰ ਮੌਕਾ ਦਿੱਤਾ ਹੈ। ਕੇਹਰ ਸ਼ਰੀਫ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਜਰਮਨ ਵਿੱਚ ਪੰਜਾਬੀ ਸਾਹਿਤ ਦੀ ਸਥਿਤੀ ਨੂੰ ਸਪਸ਼ਟ ਕੀਤਾ। ਇਸ ਤੋਂ ਬਾਅਦ ਯੂਰਪ ਦੇ ਵੱਖ-ਵੱਖ ਮੁਲਕਾਂ ਤੋਂ ਸ਼ਿਰਕਤ ਕਰ ਰਹੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਦਲਜਿੰਦਰ ਰਹਿਲ,ਰਾਣਾ ਅਠੌਲਾ ਤੇ ਸਿੱਕੀ ਝੱਜੀ ਪਿੰਡ ਵਾਲਾ ਇਟਲੀ, ਕੁਲਵੰਤ ਕੌਰ ਢਿੱਲੋਂ, ਹਰਜਿੰਦਰ ਸਿੰਘ ਸੰਧੂ, ਰੂਪ ਦਵਿੰਦਰ ਕੌਰ, ਮਨਜੀਤ ਕੌਰ ਪੱਡਾ,ਬਰਤਾਨੀਆ, ਅਮਜਦ ਅਲੀ ਆਰਫੀ ਤੇ ਨੀਲੂ ਜਰਮਨੀ,ਜੀਤ ਸੁਰਜੀਤ ਬੈਲਜੀਅਮ,, ਗੁਰਪ੍ਰੀਤ ਕੌਰ ਗਾਇਦੂ ਗਰੀਸ, ਮਨਜੀਤ ਕੌਰ ਪੱਡਾ, ਦੁੱਖਭੰਜਨ ਰੰਧਾਵਾ ਪੁਰਤਗਾਲ ਦੇ ਨਾਮ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ।
ਪ੍ਰੋ. ਗੁਰਭਜਨ ਗਿੱਲ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦੀ ਹਾਂ ਜੋ ਵੱਖ-ਵੱਖ ਮੁਲਕਾਂ 'ਚ ਰਚੇ ਜਾ ਰਹੇ ਸਾਹਿਤ ਨੂੰ ਆਧਾਰ ਬਣਾ ਕੇ ਵਿਚਾਰ ਵਟਾਂਦਰੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ।ਉਨ੍ਹਾਂ ਕਿਹਾ ਕਿ ਸਾਰੇ ਕਵੀਆਂ ਨੇ ਮੌਜੂਦਾ ਸਮੇਂ ਦੇ ਚਲੰਤ ਮਸਲਿਆਂ ਨੂੰ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾਇਆ ਹੈ। ਉਨ੍ਹਾਂ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵੀ ਗੱਲਬਾਤ ਕੀਤੀ ਤੇ ਦੱਸਿਆ ਕਿ ਪਾਕਿਸਤਾਨੀ ਪੰਜਾਬ ਵਿਚ ਸਕੂਲ ਪੱਧਰ 'ਤੇ ਪੰਜਾਬੀ ਭਾਸ਼ਾ ਦੀ ਪੜ੍ਹਾਈ ਨਾ ਹੋਣਾ ਮੰਦਭਾਗਾ ਹੈ ਜਦਕਿ ਭਾਰਤੀ ਪੰਜਾਬ ਵਿਚ ਪਰਿਵਾਰ, ਵਪਾਰ ਤੇ ਰੁਜ਼ਗਾਰ ਤੋਂ ਇਲਾਵਾ ਸਰਕਾਰ ਦੀ ਅਲਗਰਜ਼ੀ ਵੀ ਮੁਜਰਮਾਨਾ ਹੈ।ਉਨ੍ਹਾਂ ਬਦੇਸ਼ਾਂ ਵਿਚ ਮਾਤ ਭਾਸ਼ਾ ਦੀ ਮਹੱਤਤਾ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ।
ਪਾਕਿਸਤਾਨ ਦੇ ਪ੍ਰਸਿੱਧ ਨਾਵਲਕਾਰ ਸਲੀਮ ਖਾਂ ਗਿੰਮੀ ਦੀ ਬੇਟੀ ਤੇ ਟੀ ਵੀ ਪ੍ਰੋਗਰਾਮ ਨਿਰਮਾਤਾ ਸ਼ਗੁਫ਼ਤਾ ਗਿੰਮੀ ਲੋਧੀ ਲੰਡਨ ਨੇ ਵੀ ਪੂਰੇ ਸਮਾਗਮ ਚ ਭਾਗ ਲਿਆ।ਅਖੀਰ 'ਚ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਹਿੱਸਾ ਲੈਣ ਵਾਲਿਆਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ। ਇਸ ਕਵੀ ਦਰਬਾਰ ਦਾ ਸੰਚਾਲਨ ਪ੍ਰੋ ਸ਼ਰਨਜੀਤ ਕੌਰ ਵੱਲੋਂ ਕੀਤਾ ਗਿਆ। ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ ਦੁਆ,ਡਾ. ਤਜਿੰਦਰ ਕੌਰ ਅਤੇ ਡਾ: ਦਲੀਪ ਸਿੰਘ ਤੇ ਰਾਜਿੰਦਰ ਸਿੰਘ ਸੰਧੂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।