ਇਟਲੀ ''ਚ ਗੈਰ-ਗੋਰੇ ਵਿਅਕਤੀ ਦਾ ਕਤਲ, ਅੰਤਿਮ ਯਾਤਰਾ ''ਚ ਸ਼ਾਮਲ ਹੋਏ ਸੈਂਕੜੇ ਲੋਕ
Sunday, Sep 13, 2020 - 01:16 AM (IST)
ਰੋਮ (ਏਪੀ): ਇਟਲੀ ਵਿਚ ਸ਼ਨੀਵਾਰ ਨੂੰ ਇਕ ਗੈਰ-ਗੋਰੇ ਵਿਅਕਤੀ ਦੀ ਅੰਤਿਮ ਯਾਤਰਾ ਵਿਚ ਸੈਂਕੜੇ ਲੋਕ ਪਹੁੰਚੇ। ਬੇਰਹਿਮੀ ਨਾਲ ਕੁੱਟਮਾਰ ਤੋਂ ਬਾਅਦ ਉਸ ਦੀ ਮੌਤ ਹੋਣ ਨਾਲ ਪੂਰਾ ਦੇਸ਼ ਹੈਰਾਨ ਹੈ ਤੇ ਸਰਕਾਰ ਦੇ ਚੋਟੀ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਨੇ ਇਸ ਦੀ ਨਿੰਦਾ ਕੀਤੀ ਹੈ।
ਪ੍ਰਧਾਨ ਮੰਤਰੀ ਗੁਈਸੇਪੇ ਕੋਂਟੇ ਤੇ ਗ੍ਰਹਿ ਮੰਤਰੀ ਨੇ 21 ਸਾਲਾ ਵਿੱਲੀ ਮੋਂਟੀਰੋ ਦੁਆਰਤੇ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਲਿਆ। ਇਥੇ 6 ਸਤੰਬਰ ਨੂੰ ਤੜਕੇ ਸ਼ਹਿਰ ਦੇ ਬਾਹਰੀ ਇਲਾਕੇ ਕੋਲੇਫੇਰੋ ਵਿਚ ਲੜਾਈ ਦੌਰਾਨ ਮੇਂਟੀਰੋ ਦੀ ਮੌਤ ਹੋ ਗਈ ਸੀ। ਇਸ ਕਤਲ ਦੇ ਸਿਲਸਿਲੇ ਵਿਚ ਪੁਲਸ ਦੇ ਰਿਕਾਰਡ ਵਿਚ ਦਰਜ ਦੋ ਭਰਾਵਾਂ ਸਣੇ ਚਾਰ ਇਤਾਲਵੀ ਗ੍ਰਿਫਤਾਰ ਕੀਤੇ ਗਏ ਹਨ ਪਰ ਪਰਿਵਾਰ ਵਾਲਿਆਂ ਵਲੋਂ ਅਜੇ ਕੋਈ ਸੰਕੇਤ ਨਹੀਂ ਦਿੱਤਾ ਗਿਆ ਹੈ ਕਿ ਇਹ ਕਤਲ ਨਸਲੀ ਇਰਾਦੇ ਨਾਲ ਕੀਤਾ ਗਿਆ ਹੈ। ਇਤਾਲਵੀ ਖਬਰਾਂ ਵਿਚ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਝਗੜੇ ਵਿਚ ਆਪਣੇ ਇਕ ਦੋਸਤ ਨਾਲ ਕੁੱਟਮਾਰ ਹੁੰਦੀ ਦੇਖ ਦੁਆਰਤੇ ਨੇ ਦਖਲ ਦਿੱਤੀ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਦੁਆਰਤੇ ਦੇ ਮਾਤਾ-ਪਿਤਾ ਅਫਰੀਕੀ ਦੇਸ਼ ਕੇਪ ਵਰਦੇ ਦੇ ਹਨ ਪਰ ਉਸ ਦਾ ਜਨਮ ਰੋਮ ਵਿਚ ਹੀ ਹੋਇਆ ਸੀ।