ਇਟਲੀ:ਗੁਰਦੁਆਰਾ ਸਿੰਘ ਸਭਾ ਵੱਲੋਂ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨ ਲਈ ਕਰਵਾਏ ਗਏ ਲਿਖਤੀ ਮੁਕਾਬਲੇ

Wednesday, Dec 18, 2024 - 04:18 PM (IST)

ਇਟਲੀ:ਗੁਰਦੁਆਰਾ ਸਿੰਘ ਸਭਾ ਵੱਲੋਂ ਬੱਚਿਆਂ ਨੂੰ ਊੜੇ ਤੇ ਜੂੜੇ ਨਾਲ ਜੋੜਨ ਲਈ ਕਰਵਾਏ ਗਏ ਲਿਖਤੀ ਮੁਕਾਬਲੇ

ਨੋਵੇਲਾਰਾ(ਕੈਂਥ)- ਉੱਤਰੀ ਇਟਲੀ ਦੇ ਜ਼ਿਲ੍ਹਾ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਸਥਾਪਿਤ ਗੁਰਦੁਆਰਾ ਸਿੰਘ ਸਭਾ ਇਸ ਵੇਲੇ ਇਟਲੀ ਵਿੱਚ ਇੱਕ ਇਤਿਹਾਸਿਕ ਦਰਜਾ ਪ੍ਰਾਪਤ ਕਰ ਚੁੱਕਾ ਹੈ। ਇੱਥੋਂ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਮੇਂ-ਸਮੇਂ 'ਤੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਊੜੇ ਅਤੇ ਜੂੜੇ ਨਾਲ ਜੋੜਨ ਲਈ ਇੱਕ ਵਿਸ਼ੇਸ਼ ਉਪਰਾਲੇ ਤਹਿਤ ਗੁਰਮੁਖੀ ਲਿਪੀ ਅਤੇ ਗੁਰ ਇਤਿਹਾਸ ਦੇ ਲਿਖਤੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਪਣੇ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਵਿੱਚ ਹਿੱਸਾ ਦਿਵਾਇਆ ਗਿਆ।

PunjabKesari

ਗੁਰਦੁਆਰਾ ਸਾਹਿਬ ਵੱਲੋਂ ਪਹਿਲੇ ਸਥਾਨਾਂ 'ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਨੂੰ ਸਨਮਾਨ ਚਿੰਨ੍ਹ ਗੁਰਮੁਖੀ ਲਿਪੀ ਵਾਲੇ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਉਹਨਾਂ ਵੱਲ ਵੇਖ ਕੇ ਹੋਰ ਬੱਚੇ ਵੀ ਉਤਸ਼ਾਹਤ ਹੋ ਸਕਣ ਅਤੇ ਅੱਗੇ ਤੋਂ ਵੱਧ ਤੋਂ ਵੱਧ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਣ। ਇਟਲੀ ਵਿੱਚ ਲੰਮੇ ਸਮੇਂ ਤੋਂ ਧਰਮ ਪ੍ਰਚਾਰ ਵਿੱਚ ਜੁਟੀ ਸੰਸਥਾ ਕਲਤੂਰਾ ਸਿੱਖ ਦੇ ਸੇਵਾਦਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਵੱਲੋਂ ਸਿੱਖ ਇਤਿਹਾਸ ਵਿੱਚੋਂ ਛਪਵਾਏ ਗਏ ਕੈਲੰਡਰ (ਜੋ ਕਿ ਗੁਰੂ ਕਾਲ ਤੋਂ ਹੋਏ ਗ੍ਰੰਥੀ ਸਿੰਘ, ਕੀਰਤਨੀਏ ਅਤੇ ਰਾਗੀ ਢਾਡੀਆਂ ਨੂੰ ਸਮਰਪਿਤ ਕੀਤੇ ਗਏ ਹਨ) ਲੈ ਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਕਲਤੂਰਾ ਸਿੱਖ ਜਥੇਬੰਦੀ ਦੇ ਸੇਵਾਦਾਰਾਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਲਈ ਇਹ ਕੈਲੰਡਰ ਜਾਰੀ ਕੀਤਾ ਗਿਆ।

ਇਸ ਤੋਂ ਇਲਾਵਾ ਗਿਆਨੀ ਰਜਿੰਦਰ ਸਿੰਘ ਵੱਲੋਂ ਸੰਸਥਾ ਦਾ ਸੰਖੇਪ ਇਤਿਹਾਸ ਅਤੇ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਆ ਰਹੀਆਂ ਚੁਣੌਤੀਆਂ ਅਤੇ ਉਹਨਾਂ ਦਾ ਮਿਲ ਕੇ ਹੱਲ ਕਰਨ ਬਾਰੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਗਏ। ਉਪਰੰਤ ਪ੍ਰਬੰਧਕ ਕਮੇਟੀ ਨਾਲ ਆਉਣ ਵਾਲੇ ਭਵਿੱਖ ਵਿੱਚ ਕੁਝ ਸਮਾਗਮ ਕਰਵਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਲਤੂਰਾ ਸਿੱਖ ਤੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੀਵਾਨ ਸੰਗਤਾਂ ਨਾਲ ਖਚਾ-ਖੱਚ ਭਰਿਆ ਹੋਇਆ ਸੀ। ਭਾਈ ਸਾਹਿਬ ਵੱਲੋਂ ਕਥਾ ਵਿਚਾਰਾਂ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।


author

cherry

Content Editor

Related News