ਇਟਲੀ ''ਚ ਸਜਿਆ ਵਿਸ਼ਾਲ ਧਾਰਮਿਕ ਦੀਵਾਨ, ਪਹੁੰਚੇ ਬਲਜੀਤ ਸਿੰਘ ਦਾਦੂਵਾਲ

05/31/2019 10:06:49 AM

ਰੋਮ/ਇਟਲੀ (ਕੈਂਥ)— ਮਹਾਨ ਸਿੱਖ ਧਰਮ ਦੇ ਜੋਸ਼ੀਲੇ ਪ੍ਰਚਾਰਕ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਦਾਲ ਜਿਹੜੇ ਕਿ ਅੱਜ-ਕਲ੍ਹ ਆਪਣੀ ਵਿਸ਼ੇਸ਼ ਇਟਲੀ ਫੇਰੀ ਦੌਰਾਨ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੀਵਾਨ ਸਜਾ ਰਹੇ ਹਨ,  ਸੰਗਤਾਂ ਅੰਦਰ ਖੰਡੇ-ਬਾਟੇ ਦੀ ਪਹੁੱਲ ਛੱਕ ਕੇ ਸਿੱੰਘ ਸੱਜਣ ਲਈ ਉਤਸ਼ਾਹ ਪੈਦਾ ਕਰ ਰਹੇ ਹਨ ਉੱਥੇ ਹੀ ਪੰਜਾਬ ਵਿੱਚ ਬੀਤੇ ਸਮੇਂ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈਕੇ ਕੀਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਇਨਸਾਫ਼ ਦਵਾਉਣ ਲਈ ਆਰੰਭੇ ਬਰਗਾੜੀ ਮੌਰਚੇ ਦੀ ਰਹੱਸਮਈ ਢੰਗ ਨਾਲ ਹੋਈ ਸਮਾਪਤੀ ਨੂੰ ਲੈਕੇ ''ਕੀ ਘਟਿਆ''ਬਾਰੇ ਵੀ ਸੱਚ ਨੂੰ ਇਟਲੀ ਦੀਆਂ ਸੰਗਤਾਂ ਵਿੱਚ ਉਜਾਗਰ ਕਰ ਰਹੇ ਹਨ। 

ਇਸ ਲੜੀ ਵਿੱਚ ਭਾਈ ਬਲਜੀਤ ਸਿੰਘ ਦਾਦੂਵਾਲ ਹੁਰਾਂ ਦਾ ਵਿਸ਼ੇਸ਼ ਦੀਵਾਨ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਜਿਸ ਨੂੰ ਸੰਬੋਧਿਤ ਕਰਦਿਆਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ,''ਸਿੱਖ ਨੂੰ ਸਦਾ ਹੀ ਸਤਿਗੁਰੂ ਦੀ ਬਾਣੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਮਹਾਨ ਅਸੂਲ ਤੇ ਸਿਧਾਂਤ ਬਖ਼ਸੇ ਹਨ।ਸਾਡੀ ਜ਼ਿੰਦਗੀ ਦੇ ਸਾਰੇ ਕਾਰਜ ਗੁਰੂ ਨਾਲ ਜੁੜੇ ਹਨ।ਸਿੱਖ ਦੀ ਜਿੰਦਗੀ ਦੇ 5 ਸੰਸਕਾਰ ਹਨ ।1. ਜਨਮ ਸੰਸਕਾਰ, 2 ਨਾਮ ਸੰਸਕਾਰ, 3 ਅੰਮ੍ਰਿਤ ਸੰਸਕਾਰ, 4 ਆਨੰਦ ਸੰਸਕਾਰ ਤੇ 5 ਅੰਤਿਮ ਸੰਸਕਾਰ। ਇਸ ਸਭ ਗੁਰੂ ਸਾਹਿਬ ਦੀ ਆਗਿਆ ਨਾਲ ਹੀ ਸੰਪੂਰਨ ਹੁੰਦੇ ਹਨ।''

ਇਸ ਮੌਕੇ ਭਾਈ ਦਾਦੂਵਾਲ ਨੇ ਮਹਾਨ ਸਿੱਖ ਧਰਮ ਦੀਆਂ ਲਾਸਾਨੀ ਕੁਰਬਾਨੀਆਂ ਦਾ ਵਰਨਣ ਕਰਦਿਆਂ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ।ਬੀਤੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈਕੇ ਕੀਤੇ ਸੰਘਰਸ਼  ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਇਨਸਾਫ਼ ਦਵਾਉਣ ਲਈ ਆਰੰਭੇ ਬਰਗਾੜੀ ਮੌਰਚੇ ਦੀ ਰਹੱਸਮਈ ਢੰਗ ਨਾਲ ਹੋਈ ਸਮਾਪਤੀ ਸੰਬਧੀ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਮੌਰਚਾ ਸਿੱਖ ਸੰਗਤਾਂ ਵੱਲੋਂ ਲਗਾਇਆ ਗਿਆ ਸੀ ਇਸ ਵਿੱਚ ਕਿਸੇ ਵੀ ਸੂਬਾ ਸਰਕਾਰ ਦਾ ਕੋਈ ਰੋਲ ਨਹੀਂ ਤੇ ਜਦੋਂ ਉਹ ਮੌਰਚਾ ਆਰੰਭਿਆ ਤਾਂ ਉਸ ਵੇਲੇ ਉਹ ਮੌਕੇ ਉੱਤੇ ਸੇਵਾ ਵਿੱਚ ਸਨ ਪਰ ਅਫ਼ਸੋਸ ਜਦੋ ਇਹ ਮੌਰਚਾ ਅਚਨਚੇਤ ਸਮਾਪਤ ਕੀਤਾ ਗਿਆ ਤਾਂ ਮੌਰਚੇ ਨੂੰ ਸਮਾਪਤ ਕਰਨ ਦਾ ਫੈਸਲਾ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਸੀ। ਭਾਈ ਧਿਆਨ ਸਿੰਘ ਮੰਡ ਨੇ ਮੌਰਚੇ ਦੀ ਸਮਾਪਤੀ ਸੰਬਧੀ ਉਹਨਾਂ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ।

ਭਾਈ ਦਾਦੂਵਾਲ ਨੇ ਕਿਹਾ,''ਆਖ਼ਿਰ ਕਿਉਂ ਬਰਗਾੜੀ ਮੌਰਚਾ ਅਚਨਚੇਤ ਸਮਾਪਤ ਹੋਇਆ ਇਸ ਦੀ ਪੂਰੀ ਜਾਣਕਾਰੀ ਭਾਈ ਮੰਡ ਹੀ ਦੇ ਸਕਦੇ ਹਨ ਤੇ ਇਸ ਸੰਬਧੀ ਉਹ ਕਈ ਵਾਰ ਭਾਈ ਮੰਡ ਨੂੰ ਸਪੱਸ਼ਟੀਕਰਨ ਦੇਣ ਨੂੰ ਕਹਿ ਵੀ ਚੁੱਕੇ ਹਨ।'' ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗੁਰੂ ਦੇ ਸਿੱਖ ਨੂੰ ਸਦਾ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਹੀ ਜਾਣਾ ਚਾਹੀਦਾ ਤੇ ਸਦਾ ਹੀ ਗੁਰੂ ਦੇ ਸਿੱਖ ਨੂੰ ਧਰਮ ਲਈ ਆਪਾ ਵਾਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗੁਰਮੁੱਖ ਸਿੰਘ ਹਜ਼ਾਰਾ ਤੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਗੁਰਦੁਆਰਾ ਸਾਹਿਬ ਵਿਖੇ ਆਉਣ ਤੇ ਗੁਰੂ ਦੀ ਬਖ਼ਸਿਸ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਕਰਦਿਆਂ ਧੰਨਵਾਦ ਕੀਤਾ।ਇਹਨਾਂ ਵਿਸ਼ੇਸ਼ ਦੀਵਾਨਾਂ ਮੌਕੇ ਸੰਗਤਾਂ ਬਹੁਤ ਗਿਣਤੀ ਵਿੱਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਹੁੰਚੀਆਂ।


Vandana

Content Editor

Related News