ਇਟਲੀ : ਅੰਬੇਡਕਰ ਸਾਹਿਬ ਜੀ ਦਾ 131ਵਾਂ ਜਨਮ ਦਿਹਾੜਾ ਮਨਾਇਆ ਗਿਆ

05/17/2022 12:10:23 PM

ਰੋਮ/ਇਟਲੀ {ਕੈਂਥ}: ਭਾਰਤੀ ਸੰਵਿਧਾਨ ਦੇ ਪਿਤਾਮਾ, ਭਾਰਤੀ ਨਾਰੀ ਦੇ ਮੁੱਕਤੀ ਦਾਤਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਗਰੀਬਾਂ ਦੇ ਮਸੀਹਾ, ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਵਿਸੇਸ ਸਮਾਗਮ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ-ਲੀਵੀ ਸਬਾਊਦੀਆ ਵਿਖੇ ਸਮੂਹ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।ਸਮਾਰੋਹ ਦੀ ਸੁਰੂਆਤ ਭਾਈ ਅਜੀਤਪਾਲ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ ਲੀਵੀ ਨੇ ਬਾਬਾ ਸਾਹਿਬ ਜੀ ਦੇ ਜੀਵਨ ਉਪਦੇਸ਼ ਤੋਂ ਕੀਤੀ।

ਇਸ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮਿਸ਼ਨਰੀ ਪ੍ਰਚਾਰਕ ਸੁੱਖਵਿੰਦਰ ਭਰੋਮਜਾਰਾ ਤੇ ਰਜਿੰਦਰ ਪਾਲ (ਆਗੂ ਭਾਰਤ ਰਤਨ ਡਾ. ਅੰਬੇਦਕਰ ਵੈਲਫੇਅਰ ਐਸੋਸੀਏਸਨ ਇਟਲੀ ਰਜਿ:) ਨੇ ਸਾਂਝੇ ਰੂਪ ਵਿੱਚ ਕਿਹਾ ਕਿ ਜੇਕਰ ਅੱਜ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਭਾਰਤੀ ਨਾਰੀ ਨੂੰ ਸਨਮਾਨ ਜਨਕ ਜ਼ਿੰਦਗੀ ਜਿਊਣ ਅਤੇ ਪੜ੍ਹਨ ਦਾ ਹੱਕ ਮਿਲਿਆ ਹੈ ਤਾਂ ਇਹ ਬਾਬਾ ਸਾਹਿਬ ਦੀ ਬਦੌਲਤ ਹੀ ਹੈ, ਬਾਬਾ ਸਾਹਿਬ ਨੇ ਹੀ ਭਾਰਤ ਵਿੱਚ ਪਤੀ ਦੀ ਮੌਤ ਨਾਲ ਸਤੀ ਕੀਤੀ ਜਾਂਦੀ ਔਰਤ ਨੂੰ ਜਿਊਣ ਦਾ ਹੱਕ ਲੈ ਕੇ ਦਿੱਤਾ।ਬਾਬਾ ਸਾਹਿਬ ਦਾ ਇਹੀ ਮਿਸ਼ਨ ਹੈ ਕਿ ਮਨੂੰਵਾਦੀਆਂ ਵੱਲੋਂ ਸਮਾਜ ਵਿੱਚ 6000 ਤੋਂ ਵੱਧ ਜਾਤਾਂ ਵਿੱਚ ਵੰਡੇ ਭਾਰਤ ਦੇ ਮੂਲ ਨਿਵਾਸੀਆਂ ਨੂੰ ਭਾਰਤੀ ਸਤਾ ਦਾ ਭਾਗੀਦਾਰ ਬਣਾਉਣਾ ਹੈ ਤਦ ਹੀ ਭਾਰਤ ਦੇ ਬਹੁਜਨ ਸਮਾਜ ਨੂੰ ਬਰਾਬਰਤਾ ਦੇ ਹੱਕ ਮਿਲ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਦਾ ਨਵਾਂ ਬਿਆਨ, ਕਿਹਾ-ਅਮਰੀਕਾ ਨੇ ਬਿਨਾਂ ਹਮਲਾ ਕੀਤੇ ਪਾਕਿਸਤਾਨ ਨੂੰ ਬਣਾਇਆ ਗੁਲਾਮ

ਭਾਰਤ ਦਾ ਬਹੁਜਨ ਸਮਾਜ ਸਦੀਆਂ ਤੋਂ ਚਲੇ ਆ ਰਹੇ ਗੈਰ-ਬਰਾਬਰਤਾ ਵਾਲੇ ਸਿਸਟਮ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਲੋੜ ਹੈ ਆਪਣੀ ਵੋਟ ਦੀ ਤਾਕਤ ਨੂੰ ਸਮਝਣ ਦੀ, ਭਾਰਤੀ ਮੂਲ ਨਿਵਾਸੀ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਦੇਸ਼ ਅੰਦਰ ਵੱਡੇ ਤੋਂ ਵੱਡਾ ਇਨਕਲਾਬ ਲਿਆ ਸਕਦੇ ਹਨ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਆਗੂਆਂ ਨੇ ਆਈਆਂ ਸਮੂਹ ਸੰਗਤਾਂ ਨੂੰ ਬਾਬਾ ਸਾਹਿਬ ਦੇ 131ਵੇਂ ਜਨਮ ਦਿਨ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਬਹੁਜਨ ਸਮਾਜ ਦੇ ਲੋਕ ਕਦੀ ਵੀ ਬਾਬਾ ਸਾਹਿਬ ਵੱਲੋਂ ਸਮਾਜ ਦੇ ਹੱਕਾਂ ਲਈ ਪਰਿਵਾਰ ਵਾਰ ਕੇ ਕੀਤੀਆਂ ਘਾਲਨਾਵਾਂ ਦਾ ਦੇਣਾ ਨਹੀਂ ਦੇ ਸਕਦੇ।ਇਸ ਮੌਕੇ ਆਏ ਮਿਸ਼ਨਰੀ ਜੱਥੇ,ਮਿਸ਼ਨਰੀ ਪ੍ਰਚਾਰਕ ਅਤੇ ਸੇਵਾਦਾਰਾਂ ਦਾ ਵਿਸੇਸ਼ ਸਨਮਾਨ ਕੀਤਾ ਗਿਆ।


Vandana

Content Editor

Related News