ਇਟਲੀ ਦੇ ਸ਼ਹਿਰ ਜੇਨੋਆ ਦੀ ਬੰਦਰਗਾਹ ਤੋਂ ਪੁਲਸ ਨੇ 270 ਕਿਲੋਗ੍ਰਾਮ ਫੜੀ ਹੈਰੋਇਨ

11/09/2018 10:00:35 AM

ਰੋਮ/ਇਟਲੀ (ਕੈਂਥ)— ਇਟਲੀ ਵਿਚ ਇਕ ਪਾਸੇ ਭੰਗੀਆਂ ਦੀ ਵੱਧ ਰਹੀ ਗਿਣਤੀ ਨੇ ਇਟਾਲੀਅਨ ਪੁਲਸ ਦੇ ਹੱਥ ਪੈਰ ਫੁਲਾ ਰੱਖੇ ਹਨ ਤੇ ਦੂਜੇ ਪਾਸੇ ਬਾਹਰੋਂ ਆ ਰਿਹਾ ਸੁੱਕਾ ਨਸ਼ਾ ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਅੰਦਰੋ-ਅੰਦਰੀ ਘੁੱਣ ਵਾਂਗ ਖੋਖਲਾ ਕਰ ਰਿਹਾ ਹੈ। ਇਸ ਦੇ ਮੱਦੇ ਨਜ਼ਰ ਇਟਲੀ ਪੁਲਸ ਦੇਸ਼ ਦੀਆਂ ਸਰਹੱਦਾਂ ਉੱਪਰ ਕੜੀ ਨਜ਼ਰ ਰੱਖੀ ਬੈਠੀ ਹੈ ਤੇ ਇਸੇ ਕਾਰਵਾਈ ਤਹਿਤ ਹੀ ਪੁਲਸ ਨੂੰ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਅੱਜ ਇਟਲੀ ਦੇ ਸ਼ਹਿਰ ਜੇਨੋਆ ਦੀ ਬੰਦਰਗਾਹ 'ਤੇ ਇਰਾਨ ਤੋਂ ਆਏ ਇਕ ਕੰਟੇਨਰ ਵਿਚ 270 ਕਿਲੋਗ੍ਰਾਮ ਹੈਰੋਇਨ ਮਿਲੀ। ਜਾਣਕਾਰੀ ਮੁਤਾਬਕ ਅੱਜ ਜੇਨੋਆ ਦੀ ਬੰਦਰਗਾਹ ਉੱਪਰ ਇਰਾਨ ਤੋਂ ਆਏ ਕੰਟੇਨਰਾਂ ਦੀ ਜਦੋਂ ਪੁਲਸ ਨੇ ਜਾਂਚ ਕੀਤੀ ਤਾਂ ਇਹਨਾਂ ਵਿਚ ਇਕ ਕੰਟੇਨਰ ਵਿਚੋਂ 270 ਕਿਲੋਗ੍ਰਾਮ ਹੈਰੋਇਨ ਨਾਰਕੋਟਿਕ ਨਸ਼ੀਲਾ ਪਦਾਰਥ ਮਿਲਿਆ।

ਪੁਲਸ ਮੁਤਾਬਕ ਪਿਛਲੇ 20 ਸਾਲਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਨਸ਼ਾ ਮਿਲਿਆ ਹੋਵੇ।ਇਹ ਕੇਸ ਅੰਤਰਰਾਸ਼ਟਰੀ ਪੁਲਸ ਕੋਆਪਰੇਸ਼ਨ ਸੇਵਾ ਅਤੇ ਯੂਰੋਜਸਟ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸਵਿਟਜ਼ਰਲੈਂਡ, ਫਰਾਂਸ, ਬੈਲਜੀਅਮ ਅਤੇ ਨੀਦਰਲੈਂਡ ਦੀ ਜੁਡੀਸ਼ੀਅਲ ਅਥਾਰਟੀ ਦੇ ਤਾਲਮੇਲ ਦੇ ਤਹਿਤ ਦਰਜ਼ ਕੀਤਾ ਗਿਆ, ਜਿਸ ਵਿਚ ਹੁਣ ਤੱਕ 2 ਲੋਕਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ।ਅੰਤਰਰਾਸ਼ਟਰੀ ਬਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਲੱਖਾਂ ਯੂਰੋ ਹੈ।


Vandana

Content Editor

Related News