ਇਟਲੀ : ਮਲਬੇ ਹੇਠ ਦੱਬਣ ਕਾਰਨ 5 ਮਜ਼ਦੂਰਾਂ ਦੀ ਦਰਦਨਾਕ ਮੌਤ, ਰਾਸ਼ਟਰਪਤੀ ਤੇ PM ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
Sunday, Feb 18, 2024 - 04:26 PM (IST)
ਰੋਮ (ਦਲਵੀਰ ਕੈਂਥ): ਬੀਤੇ ਦਿਨ ਇਟਲੀ ਦੇ ਸੂਬੇ ਤੁਸਕਾਨਾ ਦੇ ਸ਼ਹਿਰ ਫਿਰੈਂਸੇ ਵਿਖੇ ਬਣ ਰਹੀ ਸੁਪਰਮਾਰਕੀਟ ਐਸੇਲੁੰਗਾ ਦੇ ਕੰਕਰੀਟ ਬੀਮ ਦੇ ਢਹਿ ਜਾਣ ਕਾਰਨ 5 ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ ਹੈ। ਇਟਾਲੀਅਨ ਮੀਡੀਏ ਅਨੁਸਾਰ ਫਿਰੈਂਸੇ ਸ਼ਹਿਰ ਵਿਚ ਬਣ ਰਹੀ ਸੁਪਰਮਾਰਕੀਟ ਐਸੇਲੁੰਗਾ (ਜਿਸ ਦੀਆਂ ਇਟਲੀ ਭਰ ਵਿੱਚ ਬਰਾਂਚਾਂ ਹਨ) ਦੀ ਉਸਾਰੀ ਚੱਲ ਰਹੀ ਸੀ ਕਿ ਅਚਾਨਕ ਇੱਕ ਵੱਡਾ ਕੰਕਰੀਟ ਬੀਮ ਢਹਿ ਗਿਆ, ਜਿਸ ਕਾਰਨ ਉਸਾਰੀ ਵਾਲੀ ਥਾਂ ਕੰਮ ਕਰਦੇ ਰੋਮਾਨੀਆ ਦੇ 5 ਮਜ਼ਦੂਰਾਂ ਦੀ ਮਲਬੇ ਵਿੱਚ ਦਬ ਜਾਣ ਕਾਰਨ ਮੌਤ ਹੋ ਗਈ। ਇਸ ਘਟਨਾ 'ਤੇ ਇਟਲੀ ਦੇ ਰਾਸ਼ਟਰਪਤੀ ਸੇਰਜਿਓ ਮੈਤੇਰੇਲਾ ਤੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਰਦਰੀ ਜਤਾਈ ਹੈ ਜਦੋਂ ਕਿ ਪ੍ਰਸ਼ਾਸ਼ਨ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਿਹਾ ਹੈ
ਘਟਨਾ ਸਥਾਨ 'ਤੇ ਦਰਜ਼ਨਾਂ ਸੁਰੱਖਿਆ ਕਰਮਚਾਰੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ। ਇਸ ਉਸਾਰੀ ਦੇ ਆਲੇ ਦੁਆਲੇ 50 ਲੋਕ ਮੌਜੂਦ ਸਨ ਜਿਹੜੇ ਕਿ ਕੰਕਰੀਟ ਬੀਮ ਦੇ ਢੀਹ ਜਾਣ ਕਾਰਨ ਬੁਰੀ ਤਰ੍ਹਾਂ ਡਰ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸ਼ਨ ਜੰਗੀ ਪੱਧਰ 'ਤੇ ਪ੍ਰਭਾਵਿਤ ਕਾਮਿਆਂ ਨੂੰ ਸੁਰੱਖਿਆ ਮੁਹੱਈਆ ਪ੍ਰਦਾਨ ਕਰਨ ਵਿੱਚ ਜੁੱਟ ਗਿਆ। ਇਟਲੀ ਦੀਆਂ ਤਮਾਮ ਮਜ਼ਦੂਰ ਜੱਥੇਬੰਦੀਆਂ ਦੇ ਆਗੂਆਂ ਨੇ ਕਾਮਿਆਂ ਨਾਲ ਕੰਮ ਦੌਰਾਨ ਘਟੀ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਘਟਨਾ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਘਟੀ ਹੈ ਤੇ ਉਹ ਪ੍ਰਬੰਧਕੀ ਢਾਂਚੇ ਦੀ ਘਾਟ ਦੀ ਤਿੱਖੀ ਆਲੋਚਨਾ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਰੂਸ ਨੂੰ ਸਫ਼ਲਤਾ, ਯੂਕ੍ਰੇਨ ਦੇ ਸ਼ਹਿਰ ਅਵਦਿਵਕਾ 'ਤੇ ਕੀਤਾ ਕਬਜ਼ਾ
ਇਸ ਤੋਂ ਪਹਿਲਾਂ ਵੀ ਇਟਲੀ ਵਿੱਚ ਮਜ਼ਦੂਰਾਂ ਜਾਂ ਕਾਮਿਆਂ ਨਾਲ ਅਜਿਹੀਆਂ ਅਨੇਕਾਂ ਘਟਨਾਵਾਂ ਘੱਟ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੈਂਕੜੇ ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ 10 ਫਰਵਰੀ ਸੰਨ 2023 ਵਿੱਚ ਇਸ ਸੁਪਰਮਾਰਕੀਟ ਦੀ ਜੇਨੋਵਾ ਵਿਖੇ ਬਣ ਰਹੀ ਇਮਾਰਤ ਦੇ ਪਾਰਕਿੰਗ ਰੈਂਪ ਦੇ ਢਹਿ ਜਾਣ ਕਾਰਨ ਤਿੰਨ ਕਰਮਚਾਰੀ ਜਖ਼ਮੀ ਹੋ ਗਏ ਸਨ। ਇੱਕ ਸਰਵੇ ਅਨੁਸਾਰ ਇਹ ਵੀ ਤੱਥ ਸਾਹਮਣੇ ਆਏ ਹਨ ਕਿ ਸੰਨ 2023 ਦੌਰਾਨ ਇਟਲੀ ਭਰ ਵਿੱਚ ਕੰਮਾਂ -ਕਾਰਾਂ ਦੌਰਾਨ 1000 ਤੋਂ ਵੱਧ ਕਾਮਿਆਂ ਦੀ ਦੁੱਖਦਾਇਕ ਮੌਤ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।