ਇਟਲੀ ਦੇ PM ਦੀ ਸੁਰੱਖਿਆ ''ਚ ਤਾਇਨਾਤ ਪੁਲਸ ਅਧਿਕਾਰੀ ਦੀ ਕੋਰੋਨਾ ਕਾਰਣ ਮੌਤ
Sunday, Apr 05, 2020 - 09:28 PM (IST)

ਰੋਮ-ਇਟਲੀ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਇਕ ਪੁਲਸ ਅਧਿਕਾਰੀ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਹੈ। ਸ਼ਨੀਵਾਰ ਨੂੰ ਇਟਲੀ ਦੀ ਪੁਲਸ ਫੋਰਸ ਨੇ ਇਸ ਦੇ ਬਾਰੇ 'ਚ ਜਾਣਕਾਰੀ ਦਿੱਤੀ। ਇਟਲੀ 'ਚ 52 ਸਾਲਾ ਪੁਲਸ ਅਧਿਕਾਰੀ ਪ੍ਰਧਾਨ ਮੰਤਰੀ ਗਿਊਸੇਪੇ ਕੋਂਟੇ ਦੀ ਸੁਰੱਖਿਆ 'ਚ ਤਾਇਨਾਤ ਸੀ। ਇਟਲੀ ਦੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੁਲਸ ਅਧਿਕਾਰੀ ਜਿਓਰਜੀਓ ਗੁਆਸਤਾਮਾਚਿਆ ਨੂੰ 21 ਮਾਰਚ ਨੂੰ ਕੋਰੋਨਾਵਾਇਰਸ ਦੀ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਸੀ।
ਉਹ ਪਿਛਲੇ 2 ਹਫਤਿਆਂ ਤੋਂ ਪ੍ਰਧਾਨ ਮੰਤਰੀ ਕੋਂਟੇ ਦੇ ਸੰਪਰਕ 'ਚ ਨਹੀਂ ਆਏ ਸਨ।ਸਰਕਾਰ ਨੇ ਦੱਸਿਆ ਕਿ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਕੋਂਟੇ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੀ ਕੋਰੋਨਾਵਾਇਰਸ ਦੇ ਪ੍ਰਭਾਵਿਤ ਹੋਣ ਦੀ ਜਾਂਚ ਕੀਤੀ ਗਈ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਇਟਲੀ ਦੀ ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ 55 ਸਾਲ ਦੇ ਪ੍ਰਧਾਨ ਮੰਤਰੀ ਕੋਂਟੋ ਬਿਲਕੁਲ ਠੀਕ ਹਨ। ਇਟਲੀ ਦੀ ਪੁਲਸ ਫੋਰਸ ਨੇ ਆਪਣੇ 52 ਸਾਲ ਦੇ ਆਫਿਸਰ ਦੇ ਦਿਹਾਂਤ 'ਤੇ ਦੁਖ ਵਿਅਕਤ ਕੀਤਾ ਹੈ। ਦੱਸਣਯੋਗ ਹੈ ਕਿ ਇਟਲੀ 'ਚ ਕੋਰੋਨਾਵਾਇਰਸ ਦੇ ਪ੍ਰਭਾਵ ਕਾਰਣ ਪੂਰੀ ਦੁਨੀਆ ਨਾਲੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਟਲੀ 'ਚ ਕੋਰੋਨਾ ਨਾਲ 15 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1 ਲੱਖ 24 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪ੍ਰਭਾਵਿਤ ਹਨ।